FD ਸਬੰਧੀ ਨਵੇਂ ਨਿਯਮ 1 ਅਕਤੂਬਰ ਤੋਂ ਹੋਣਗੇ ਲਾਗੂ; RBI ਨੇ ਬੈਂਕਾਂ ਨੂੰ ਜਾਰੀ ਕੀਤੇ ਨਿਰਦੇਸ਼; ਕਿਹਾ- ਰੋਜ਼ਾਨਾ ਜਨਤਕ ਕਰੋ ਵਿਆਜ ਦਰ

Top Trending News ਦਿੱਲੀ ਰਾਸ਼ਟਰੀ

 

FD ਸਬੰਧੀ ਨਵੇਂ ਨਿਯਮ 1 ਅਕਤੂਬਰ ਤੋਂ ਹੋਣਗੇ ਲਾਗੂ; RBI ਨੇ ਬੈਂਕਾਂ ਨੂੰ ਜਾਰੀ ਕੀਤੇ ਨਿਰਦੇਸ਼; ਕਿਹਾ- ਰੋਜ਼ਾਨਾ ਜਨਤਕ ਕਰੋ ਵਿਆਜ ਦਰ

ਚੰਡੀਗੜ੍ਹ, 29 ਸਤੰਬਰ 2026- ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਬਲਕ ਫਿਕਸਡ ਡਿਪਾਜ਼ਿਟ (Bulk FD) ਸਬੰਧੀ ਨਵੇਂ ਨਿਯਮ 1 ਅਕਤੂਬਰ 2026 ਤੋਂ ਲਾਗੂ ਹੋਣ ਜਾ ਰਹੇ ਹਨ। ਨਵੇਂ ਨਿਯਮਾਂ ਤਹਿਤ ਕਮਰਸ਼ੀਅਲ ਬੈਂਕਾਂ ਨੂੰ ਹਰ ਕੰਮਕਾਜੀ ਦਿਨ ਸਵੇਰੇ 10 ਵਜੇ ਤੱਕ ਬਲਕ ਡਿਪਾਜ਼ਿਟ ਦੀਆਂ ਵਿਆਜ ਦਰਾਂ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਜਨਤਕ ਕਰਨੀਆਂ ਹੋਣਗੀਆਂ। ਇਸ ਲਈ 10 ਮਿੰਟ ਦਾ ਗ੍ਰੇਸ ਪੀਰੀਅਡ ਵੀ ਦਿੱਤਾ ਗਿਆ ਹੈ।

ਆਰਬੀਆਈ ਵੱਲੋਂ 30 ਜੁਲਾਈ 2026 ਨੂੰ ਡਿਪਾਜ਼ਿਟ ਵਿਆਜ ਦਰਾਂ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿੱਚ ਕੀਤੇ ਸੰਸ਼ੋਧਨ ਤੋਂ ਬਾਅਦ ਇਹ ਪ੍ਰਬੰਧ ਲਾਗੂ ਕੀਤਾ ਜਾ ਰਿਹਾ ਹੈ। ਸ਼ਡਿਊਲਡ ਕਮਰਸ਼ੀਅਲ ਬੈਂਕਾਂ ਵਿੱਚ ਆਮ ਤੌਰ ’ਤੇ 3 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਐੱਫ.ਡੀ. (FD) ਨੂੰ ਬਲਕ ਡਿਪਾਜ਼ਿਟ ਮੰਨਿਆ ਜਾਂਦਾ ਹੈ।

ਨਵੇਂ ਪ੍ਰਬੰਧ ਅਨੁਸਾਰ ਬੈਂਕਾਂ ਨੂੰ ਸਵੇਰੇ 10:10 ਵਜੇ ਤੱਕ ਦਰਾਂ ਤੈਅ ਕਰਕੇ ਪ੍ਰਕਾਸ਼ਿਤ ਕਰਨੀ ਹੋਣਗੀਆਂ ਅਤੇ ਉਸ ਦਿਨ ਸਾਰੀਆਂ ਸ਼ਾਖਾਵਾਂ ਵਿੱਚ ਇੱਕੋ ਜਿਹੀ ਰਕਮ ਵਾਲੀ ਬਲਕ ਐੱਫ.ਡੀ. ’ਤੇ ਉਹੀ ਦਰ ਲਾਗੂ ਹੋਵੇਗੀ। ਇਸ ਨਾਲ ਵੱਡੇ ਨਿਵੇਸ਼ਕਾਂ ਲਈ ਵੱਖ-ਵੱਖ ਬੈਂਕਾਂ ਦੀਆਂ ਦਰਾਂ ਦੀ ਤੁਲਨਾ ਕਰਨਾ ਆਸਾਨ ਹੋਵੇਗਾ। ਛੋਟੀਆਂ ਰਿਟੇਲ ਐੱਫ.ਡੀਜ਼ (FDs) ’ਤੇ ਇਸ ਬਦਲਾਅ ਦਾ ਕੋਈ ਵੱਡਾ ਸਿੱਧਾ ਅਸਰ ਨਹੀਂ ਪਵੇਗਾ।