- ਕਠੂਆ ’ਚ CISF ਜਵਾਨ ਨੇ ਸਾਥੀਆਂ ’ਤੇ ਚਲਾਈਆਂ ਗੋਲੀਆਂ, 4 ਦੀ ਮੌਤ
ਕਠੂਆ, 29 ਸਤੰਬਰ (ਦੇਸ਼ ਕਲਿੱਕ ਬਿਊਰੋ): ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਸੋਹਲੀ ’ਚ CISF ਦੇ ਇੱਕ ਜਵਾਨ ਵੱਲੋਂ ਆਪਣੇ ਸਾਥੀਆਂ ’ਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ’ਚ 4 CISF ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਇੱਕ ਅਸਿਸਟੈਂਟ ਕਮਾਂਡੈਂਟ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਅਸਿਸਟੈਂਟ ਕਮਾਂਡੈਂਟ ਅੰਕਿਤ ਕੁਮਾਰ ਪਾਂਡੇ, SI ਲਕਸ਼ਮਣ ਸਿੰਘ, ਕਾਂਸਟੇਬਲ ਰਫੀਕ ਅਹਿਮਦ ਅਤੇ ਕਾਂਸਟੇਬਲ ਸੰਦੀਪ ਕੁਮਾਰ ਵਜੋਂ ਹੋਈ ਹੈ।
ਇਹ ਜਵਾਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਬਸੋਹਲੀ ਦੇ ਇੱਕ ਪਾਵਰ ਪ੍ਰਾਜੈਕਟ ਦੀ ਸੁਰੱਖਿਆ ਲਈ ਤਾਇਨਾਤ ਸਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋ ਜਵਾਨਾਂ ਵਿਚਕਾਰ ਬਹਿਸ ਹੋਈ, ਜਿਸ ਤੋਂ ਬਾਅਦ ਇੱਕ ਜਵਾਨ ਨੇ ਕਥਿਤ ਤੌਰ ’ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ।
AK-47 ਨਾਲ ਕੀਤੀ ਗੋਲੀਬਾਰੀ
ਸੂਤਰਾਂ ਮੁਤਾਬਕ, ਮੁਲਜ਼ਮ ਹੈੱਡ ਕਾਂਸਟੇਬਲ ਅਵਧੇਸ਼ ਕੁਮਾਰ ਸਿੰਘ ਸਰਕਾਰੀ AK-47 ਰਾਈਫਲ ਲੈ ਕੇ ਦਫ਼ਤਰ ਕੰਪਲੈਕਸ ’ਚ ਦਾਖ਼ਲ ਹੋਇਆ ਅਤੇ ਗੋਲੀਬਾਰੀ ਕੀਤੀ। ਉਸ ਕੋਲ ਕਰੀਬ 150 ਰਾਊਂਡ ਗੋਲੀਆਂ ਹੋਣ ਦੀ ਗੱਲ ਸਾਹਮਣੇ ਆਈ ਹੈ।
ਕਠੂਆ ਪੁਲਿਸ ਨੇ ਮੁਲਜ਼ਮ ਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। CISF ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।







