- ਰੂਸ ਦਾ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਜਹਾਜ਼ ਉਡਾਣ ਦੌਰਾਨ ਕਰੈਸ਼, 6 ਮੌਤਾਂ
ਨਵੀਂ ਦਿੱਲੀ, 29 ਸਤੰਬਰ (ਦੇਸ਼ ਕਲਿੱਕ ਬਿਊਰੋ): ਰੂਸ ਦਾ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ Tu-95 ਸੈਨਿਕ ਜਹਾਜ਼ ਮੰਗਲਵਾਰ ਨੂੰ ਟ੍ਰੇਨਿੰਗ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ ਜਹਾਜ਼ ’ਚ ਸਵਾਰ 6 ਕ੍ਰੂ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖ਼ਮੀ ਹੋਇਆ ਹੈ।
ਰੂਸ ਦੇ ਰੱਖਿਆ ਮੰਤਰਾਲੇ ਮੁਤਾਬਕ, ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਜਹਾਜ਼ ਅਮੂਰ ਸੂਬੇ ਦੇ ਕ੍ਰਾਸਨੋਯਾਰੋਵੋ ਪਿੰਡ ਨੇੜੇ ਹਾਦਸਾਗ੍ਰਸਤ ਹੋ ਕੇ ਇੱਕ ਸੁੰਨਸਾਨ ਇਲਾਕੇ ’ਚ ਜਾ ਡਿੱਗਿਆ। ਜ਼ਮੀਨ ਨਾਲ ਟਕਰਾਉਂਦੇ ਹੀ ਜਹਾਜ਼ ਦੇ ਫਿਊਲ ਟੈਂਕ ’ਚ ਧਮਾਕਾ ਹੋਇਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਜ਼ਖ਼ਮੀ ਕ੍ਰੂ ਮੈਂਬਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਹਾਜ਼ ’ਚ ਸਵਾਰ ਸਾਰੇ ਲੋਕ ਕ੍ਰੂ ਮੈਂਬਰ ਹੀ ਸਨ।
ਜਹਾਜ਼ ’ਚ ਕੋਈ ਹਥਿਆਰ ਨਹੀਂ ਸੀ
ਰੂਸੀ ਨਿਊਜ਼ ਏਜੰਸੀ TASS ਮੁਤਾਬਕ, ਹਾਦਸੇ ਦੇ ਸਮੇਂ ਜਹਾਜ਼ ’ਚ ਕੋਈ ਪਰਮਾਣੂ ਹਥਿਆਰ ਜਾਂ ਗੋਲਾ-ਬਾਰੂਦ ਲੋਡ ਨਹੀਂ ਸੀ। Tu-95 ਨੂੰ ਸੋਵੀਅਤ ਸੰਘ ਦੇ ਦੌਰ ’ਚ ਡਿਜ਼ਾਈਨ ਕੀਤਾ ਗਿਆ ਸੀ ਅਤੇ ਰੂਸ ਵੱਲੋਂ ਇਸਦੀ ਵਰਤੋਂ ਨਿਯਮਤ ਸੈਨਿਕ ਅਭਿਆਸਾਂ ਅਤੇ ਟ੍ਰੇਨਿੰਗ ਲਈ ਕੀਤੀ ਜਾਂਦੀ ਹੈ।







