Breaking News: ਅਫ਼ਗਾਨਿਸਤਾਨ ’ਚ ਵੱਡਾ ਹਵਾਈ ਹਮਲਾ; ਬੱਚਿਆਂ ਸਣੇ 9 ਨਾਗਰਿਕਾਂ ਦੀ ਮੌਤ
ਕਾਬੁਲ 1 ਅਕਤੂਬਰ 2026
ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਸਰਹੱਦੀ ਤਣਾਅ ਮੁੜ ਗੰਭੀਰ ਰੂਪ ਧਾਰਨ ਕਰਦਾ ਦਿਖਾਈ ਦੇ ਰਿਹਾ ਹੈ। ਵੀਰਵਾਰ ਤੜਕੇ ਪਾਕਿਸਤਾਨੀ ਫ਼ੌਜ ਵੱਲੋਂ ਅਫ਼ਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਅਫ਼ਗਾਨ ਪੱਖ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਮੁੱਢਲੀਆਂ ਜਾਣਕਾਰੀਆਂ ਅਨੁਸਾਰ ਕੁਨਾਰ ਸੂਬੇ ਦੇ ਸ਼ੈਲਟਨ ਜ਼ਿਲ੍ਹੇ ਦੀ ਚੋਗਾਮ ਘਾਟੀ ਵਿੱਚ ਤੜਕੇ ਕਰੀਬ 3 ਵਜੇ ਇਹ ਹਮਲਾ ਕੀਤਾ ਗਿਆ। ਉਸ ਸਮੇਂ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ। ਬੰਬਾਰੀ ਕਾਰਨ ਇੱਕ ਰਿਹਾਇਸ਼ੀ ਮਕਾਨ ਪੂਰੀ ਤਰ੍ਹਾਂ ਢਹਿ ਗਿਆ।
ਸਥਾਨਕ ਸਰੋਤਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਮੁਤਾਬਕ ਹਮਲੇ ਵਿੱਚ ਬੱਚਿਆਂ ਸਮੇਤ 9 ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਬੱਚੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਇਲਾਵਾ ਦੋ ਔਰਤਾਂ ਅਤੇ ਇੱਕ ਬੱਚੇ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਹੈ। ਹਮਲਿਆਂ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।







