Akali-BJP alliance ਦੀਆਂ ਚਰਚਾਵਾਂ ’ਤੇ ਹਰਸਿਮਰਤ ਬਾਦਲ ਦੀ ਸਫ਼ਾਈ, ਕਿਹਾ—“ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ”
ਚੰਡੀਗੜ੍ਹ, 6 ਅਕਤੂਬਰ 2026: ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵਿਤ ਗੱਠਜੋੜ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਅਕਾਲੀ ਆਗੂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਅਤੇ ਉਨ੍ਹਾਂ ਦੇ ਪਿਛਲੇ ਬਿਆਨ ਨੂੰ ਗਲਤ ਸੰਦਰਭ ਵਿੱਚ ਪੇਸ਼ ਕੀਤਾ ਗਿਆ।
ਹਰਸਿਮਰਤ ਬਾਦਲ ਨੇ ਦੱਸਿਆ ਕਿ ਅਗਸਤ ਮਹੀਨੇ ਲੌਂਗੋਵਾਲ ਹਲਕੇ ਨਾਲ ਸਬੰਧਤ ਇੱਕ ਸਿੱਖਿਆ ਸੰਸਥਾ ਬਾਰੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਇਲਾਕੇ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਪਹੁੰਚ ਅਤੇ ਕੇਂਦਰ ਨਾਲ ਤਾਲਮੇਲ ਰਾਹੀਂ ਪੰਜਾਬ ਲਈ ਪ੍ਰੋਜੈਕਟ ਲਿਆਉਣ ਦੀ ਸਮਰੱਥਾ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਮੁਤਾਬਕ ਉਨ੍ਹਾਂ ਦਾ ਮਤਲਬ ਸਿਰਫ਼ ਇਹ ਸੀ ਕਿ ਸੂਬੇ ਦੀ ਸਰਕਾਰ ਅਤੇ ਕੇਂਦਰ ਵਿਚਕਾਰ ਚੰਗਾ ਤਾਲਮੇਲ ਹੋਣ ਨਾਲ ਪੰਜਾਬ ਦੇ ਵਿਕਾਸ ਲਈ ਪ੍ਰੋਜੈਕਟਾਂ ਅਤੇ ਸਰੋਤਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ।
ਜ਼ਿਕਰਯੋਗ ਹੈ ਕਿ ਹਰਸਿਮਰਤ ਬਾਦਲ ਦੇ ਪਿਛਲੇ ਬਿਆਨ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਨੇੜੇ ਆਉਣ ਦੀਆਂ ਸਿਆਸੀ ਚਰਚਾਵਾਂ ਤੇਜ਼ ਹੋਈਆਂ ਸਨ। ਹੁਣ ਹਰਸਿਮਰਤ ਬਾਦਲ ਦੀ ਸਫ਼ਾਈ ਨੇ ਇਨ੍ਹਾਂ ਅਟਕਲਾਂ ’ਤੇ ਸਪੱਸ਼ਟਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।







