ਸਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਚਮਕੌਰ ਸਾਹਿਬ ਦੇ ਗੁਰਦੀਪ ਸਿੰਘ ਤੇ ਸਮਰਾਲਾ ਦੇ ਸੁਖਚੈਨ ਸਿੰਘ ਨੂੰ ਸਿਰ ਕਲਮ ਕਰਨ ਦੀ ਸਜ਼ਾ

Top Trending News ਪੰਜਾਬ
  • ਸਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਚਮਕੌਰ ਸਾਹਿਬ ਦੇ ਗੁਰਦੀਪ ਸਿੰਘ ਤੇ ਸਮਰਾਲਾ ਦੇ ਸੁਖਚੈਨ ਸਿੰਘ ਨੂੰ ਸਿਰ ਕਲਮ ਕਰਨ ਦੀ ਸਜ਼ਾ
  • ਮਈ 2025 ਵਿੱਚ ਪਾਕਿਸਤਾਨੀ ਨੌਜਵਾਨ ਨਾਲ ਝਗੜੇ ਤੋਂ ਬਾਅਦ ਹੋਈ ਸੀ ਮੌਤ; ਸਦਮੇ ਵਿੱਚ ਪਰਿਵਾਰ

ਸ੍ਰੀ ਚਮਕੌਰ ਸਾਹਿਬ/ਮੋਰਿੰਡਾ, 6 ਅਕਤੂਬਰ (ਭਟੋਆ): ਸਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਰਸਾਲਪੁਰ ਦੇ ਨੌਜਵਾਨ ਗੁਰਦੀਪ ਸਿੰਘ ਅਤੇ ਸਮਰਾਲਾ ਨੇੜਲੇ ਪਿੰਡ ਮਾਣਕੀ ਦੇ ਸੁਖਚੈਨ ਸਿੰਘ ਨੂੰ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਦੋਸ਼ ਸਾਬਤ ਹੋਣ ਤੋਂ ਬਾਅਦ ਇਹ ਸਜ਼ਾ ਸੁਣਾਈ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਮਈ 2025 ਵਿੱਚ ਸਊਦੀ ਅਰਬ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਨਾਲ ਝਗੜੇ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਜਿਸ ਉਪਰੰਤ ਸਊਦੀ ਅਰਬ ਦੀ ਪੁਲਿਸ ਨੇ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਰਸਾਲਪੁਰ ਵਾਸੀ ਗੁਰਦੀਪ ਸਿੰਘ ਅਤੇ ਸਮਰਾਲਾ ਦੇ ਪਿੰਡ ਮਾਣਕੀ ਵਾਸੀ ਸੁਖਚੈਨ ਸਿੰਘ (29) ਨੂੰ ਗ੍ਰਿਫ਼ਤਾਰ ਕੀਤਾ ਸੀ।

ਅਦਾਲਤੀ ਕਾਰਵਾਈ ਤੋਂ ਬਾਅਦ ਗੁਰਦੀਪ ਸਿੰਘ ਅਤੇ ਸੁਖਚੈਨ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਬਾਅਦ ਵਿੱਚ ਮਾਮਲਾ ਅਦਾਲਤ ਵਿੱਚ ਚੱਲਿਆ ਅਤੇ ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਅਦਾਲਤ ਨੇ 29 ਸਤੰਬਰ ਨੂੰ ਦੋਵਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ। ਸਜ਼ਾ ਨੂੰ ਅਮਲ ਵਿੱਚ ਲਿਆਉਣ ਲਈ 30 ਦਿਨਾਂ ਦੀ ਮਿਆਦ ਦਿੱਤੀ ਗਈ ਹੈ।

ਫੈਸਲੇ ਤੋਂ ਬਾਅਦ ਦੋਵਾਂ ਨੌਜਵਾਨਾਂ ਦੇ ਪਰਿਵਾਰ ਗਹਿਰੇ ਸਦਮੇ ਵਿੱਚ ਹਨ। ਪਰਿਵਾਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਾਮਲੇ ਵਿੱਚ ਦਖਲ ਦੇ ਕੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ।

ਪਰਿਵਾਰਕ ਮੈਂਬਰਾਂ ਨੇ ਸਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਰਾਹੀਂ ਕਾਨੂੰਨੀ ਮਦਦ ਅਤੇ ਸਜ਼ਾ ਤੋਂ ਰਾਹਤ ਦਿਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਇਸ ਮਾਮਲੇ ਵਿੱਚ ਦਖਲ ਦੇ ਕੇ ਦੋਵਾਂ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਉਣ ਲਈ ਸੰਜੀਦਗੀ ਨਾਲ ਯਤਨ ਕਰੇਗੀ।

ਇੱਕ ਹੋਰ ਰਿਪੋਰਟ ਅਨੁਸਾਰ ਨੰਗਲ ਦੇ ਨਜ਼ਦੀਕੀ ਪਿੰਡ ਹੇਠਲੀ ਪੱਟੀ (ਪੱਟੀ ਲੋਅਰ) ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਵੀ ਸਊਦੀ ਅਰਬ ਵਿੱਚ ਮਾਰਕੁੱਟ ਦੇ ਇੱਕ ਮਾਮਲੇ ਵਿੱਚ ਸਜ਼ਾ-ਏ-ਮੌਤ ਸੁਣਾਈ ਜਾ ਚੁੱਕੀ ਹੈ। ਉਸ ਮਾਮਲੇ ਵਿੱਚ ਸਜ਼ਾ ਮੁਆਫ਼ ਕਰਵਾਉਣ ਲਈ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਕਾਨੂੰਨੀ ਪੈਰਵੀ ਲਈ ਵਕੀਲ ਦੀ ਪੂਰੀ ਫੀਸ ਅਦਾ ਕਰਨ ਦੀ ਗੱਲ ਕਹੀ ਗਈ ਹੈ।