ਕਾਂਗੋ ਨਦੀ ’ਚ ਵੱਡਾ ਕਿਸ਼ਤੀ ਹਾਦਸਾ, 30 ਲੋਕਾਂ ਦੀ ਮੌਤ; ਦਰਜਨਾਂ ਅਜੇ ਵੀ ਲਾਪਤਾ

Top Trending News ਕੌਮਾਂਤਰੀ
  • ਕਾਂਗੋ ਨਦੀ ’ਚ ਵੱਡਾ ਕਿਸ਼ਤੀ ਹਾਦਸਾ, 30 ਲੋਕਾਂ ਦੀ ਮੌਤ; ਦਰਜਨਾਂ ਅਜੇ ਵੀ ਲਾਪਤਾ

ਨਵੀਂ ਦਿੱਲੀ: 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਕਾਂਗੋ ਨਦੀ ਵਿੱਚ ਦੋ ਕਿਸ਼ਤੀਆਂ ਦੀ ਟੱਕਰ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਹ ਹਾਦਸਾ ਐਤਵਾਰ ਨੂੰ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੇ ਇਕਵਾਟੇਉਰ ਸੂਬੇ ਵਿੱਚ ਨਗੋਮਬੇ-ਲੁਕੋਲੇਲਾ ਖੇਤਰ ਨੇੜੇ ਵਾਪਰਿਆ। ਸੂਬਾਈ ਗ੍ਰਹਿ ਮੰਤਰੀ ਕ੍ਰਿਸਪਿਨ ਮਪੁਟੂ ਨੇ ਦੱਸਿਆ ਕਿ ਮੋਟਰ ਵਾਲੀਆਂ ਲੱਕੜ ਦੀਆਂ ਦੋ ਕਿਸ਼ਤੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

ਮੰਤਰੀ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਘੱਟੋ-ਘੱਟ 30 ਲੋਕਾਂ ਨੂੰ ਦਫ਼ਨਾਇਆ ਜਾ ਚੁੱਕਾ ਹੈ। ਇੱਕ ਕਿਸ਼ਤੀ ਉੱਤਰ-ਪੱਛਮੀ ਇਲਾਕੇ ਉਬਾਂਗੀ ਤੋਂ ਰਾਜਧਾਨੀ ਕਿੰਸ਼ਾਸਾ ਵੱਲ ਜਾ ਰਹੀ ਸੀ, ਜਦਕਿ ਦੂਜੀ ਕਿਸ਼ਤੀ ਕਿੰਸ਼ਾਸਾ ਤੋਂ ਲੁਕੋਲੇਲਾ ਵੱਲ ਜਾ ਰਹੀ ਸੀ। ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਅਧਿਕਾਰੀਆਂ ਵੱਲੋਂ ਲਾਪਤਾ ਲੋਕਾਂ ਦੀ ਸਹੀ ਗਿਣਤੀ ਅਤੇ ਹਾਦਸੇ ਦੇ ਹੋਰ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।