- ਆਪ ਨੇ ਭਾਜਪਾ ਸਰਕਾਰ ਵੱਲੋਂ ਈਡੀ-ਸੀਬੀਆਈ ਦੀ ਦੁਰਵਰਤੋਂ ਵਿਰੁੱਧ ਕੀਤਾ ਪ੍ਰਦਰਸ਼ਨ,ਪ੍ਰਧਾਨ ਮੰਤਰੀ ਮੋਦੀ ਦਾ ਫੂਕਿਆ ਪੁਤਲਾ
- ਆਪ ਨੇ ਵਿਰੋਧੀ ਧਿਰ ਦੀਆਂ ਸਰਕਾਰਾਂ ‘ਤੇ ਦਬਾਅ ਬਣਾਉਣ ਅਤੇ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਭਾਜਪਾ ਦੀਆਂ ਚਾਲਾਂ ਦੀ ਕੀਤੀ ਨਿਖੇਧੀ
- ਸੀਬੀਆਈ ਛਾਪਿਆਂ ਵਿੱਚ ਕੁਝ ਨਹੀਂ ਮਿਲਿਆ, ਇਹ ਸਿਰਫ਼ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਮਾਰੇ ਗਏ ਸਨ: ਡਾ. ਬਲਬੀਰ ਸਿੰਘ
- ਹਰਿਆਣਾ ਵਿੱਚ 650 ਕਰੋੜ ਰੁਪਏ ਦੇ ਘਪਲੇ ‘ਤੇ ਏਜੰਸੀਆਂ ਚੁੱਪ ਕਿਉਂ ਹਨ? ਇਹ ਸਾਰਾ ਡਰਾਮਾ ਭਾਜਪਾ ਵਿਰੁੱਧ ਉੱਠ ਰਹੇ ਸਵਾਲਾਂ ਤੋਂ ਧਿਆਨ ਭਟਕਾਉਣ ਲਈ ਰਚਿਆ ਗਿਆ ਹੈ: ਡਾ. ਬਲਬੀਰ ਸਿੰਘ
- ਭਾਜਪਾ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਵਿਰੁੱਧ ਕਾਰਵਾਈ ਕਰਨ ਲਈ ਈਡੀ ਅਤੇ ਸੀਬੀਆਈ ਨੂੰ ਆਪਣੀ ਪਾਰਟੀ ਦੇ ਵਿੰਗਾਂ ਵਜੋਂ ਵਰਤਦੀ ਹੈ: ਮੀਤ ਹੇਅਰ
- ਭਾਜਪਾ ਕੋਲ ਪੰਜਾਬ ਦੇ ਸਾਰੇ 117 ਹਲਕਿਆਂ ਵਿੱਚ ਉਮੀਦਵਾਰ ਵੀ ਨਹੀਂ ਹਨ, ਵੋਟਾਂ ਪੰਜਾਬ ਦੇ ਲੋਕ ਪਾਉਣਗੇ, ਏਜੰਸੀਆਂ ਨਹੀਂ: ਮੀਤ ਹੇਅਰ
- ਪੰਜਾਬੀਆਂ ਨੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਹੈ: ਮੀਤ ਹੇਅਰ
- ਭਾਜਪਾ ਨੇ ਈਡੀ-ਸੀਬੀਆਈ ਦੇ ਛਾਪਿਆਂ ਨਾਲ ਚੋਣ ਬਿਗੁਲ ਵਜਾ ਦਿੱਤਾ ਹੈ, ਕਿਉਂਕਿ ਉਹ ਭਗਵੰਤ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਦਾ ਮੁਕਾਬਲਾ ਨਹੀਂ ਕਰ ਸਕਦੀ: ਜੀਵਨ ਜੋਤ ਕੌਰ
- ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨਾਲ ਮਿਲ ਕੇ ‘ਆਪ’ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ: ਦਲਜੀਤ ਸਿੰਘ ਭੋਲਾ ਗਰੇਵਾਲ
ਚੰਡੀਗੜ੍ਹ 7 ਅਕਤੂਬਰ (ਦੇਸ਼ ਕਲਿੱਕ ਬਿਊਰੋ): ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਵੱਲੋਂ ਪੰਜਾਬ ਵਿੱਚ ਕੇਂਦਰੀ ਏਜੰਸੀਆਂ ਈਡੀ ਅਤੇ ਸੀਬੀਆਈ ਦੀ ਕਥਿਤ ਦੁਰਵਰਤੋਂ ਦੇ ਵਿਰੋਧ ਵਿੱਚ ਬੁਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ-ਵਰਕਰਾਂ ਨੇ ਪਟਿਆਲਾ, ਅਮ੍ਰਿਤਸਰ, ਲੁਧਿਆਣਾ ਅਤੇ ਬਰਨਾਲਾ ਵਿੱਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ। ਆਪ ਵਰਕਰਾਂ ਵਰਕਰ ਅਤੇ ਆਗੂਆਂ ਨੇ ਸੜਕਾਂ ‘ਤੇ ਉਤਰ ਕੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਦਬਾਅ ਬਣਾਉਣ ਦੀ ਰਾਜਨੀਤੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਆਪ ਆਗੂਆਂ ਨੇ ਕਿਹਾ ਕਿ ਜਿੱਥੇ-ਜਿੱਥੇ ਵੀ ਗੈਰ-ਭਾਜਪਾ ਅਤੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹਨ, ਉੱਥੇ ਕੇਂਦਰ ਸਰਕਾਰ ਈਡੀ ਅਤੇ ਸੀਬੀਆਈ ਵਰਗੀਆਂ ਜਾਂਚ ਏਜੰਸੀਆਂ ਦੀ ਵਰਤੋਂ ਸਿਆਸੀ ਦਬਾਅ ਬਣਾਉਣ ਲਈ ਕਰਦੀ ਹੈ। ਇਸ ਤੋਂ ਪਹਿਲਾਂ ਵੀ ਪੱਛਮੀ ਬੰਗਾਲ ਅਤੇ ਝਾਰਖੰਡ ਵਰਗੇ ਸੂਬਿਆਂ ਵਿੱਚ ਇਨ੍ਹਾਂ ਏਜੰਸੀਆਂ ਦੀ ਦੁਰਵਰਤੋਂ ਦੇਖੀ ਜਾ ਚੁੱਕੀ ਹੈ।
ਆਪ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਬਦਨਾਮ ਕਰਨ ਅਤੇ ਉਸ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਲਈ ਇਹ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ।
ਪ੍ਰਦਰਸ਼ਨ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਨੇ ਮਾਨ ਸਰਕਾਰ ਨੂੰ ਬਦਨਾਮ ਕਰਨ ਲਈ ਸੀਬੀਆਈ ਤੋਂ 8 ਥਾਵਾਂ ‘ਤੇ ਛਾਪੇਮਾਰੀ ਕਰਵਾਈ, ਪਰ ਸੀਬੀਆਈ ਦੇ ਹੱਥ ਕੁਝ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਜਿੱਥੇ 650 ਕਰੋੜ ਰੁਪਏ ਦਾ ਘੁਟਾਲਾ ਹੋਇਆ, ਉੱਥੇ ਈਡੀ ਜਾਂ ਸੀਬੀਆਈ ਛਾਪਾ ਨਹੀਂ ਮਾਰਦੀ। ਚੋਣ ਕਮਿਸ਼ਨ ਵਿਰੁੱਧ ਅਤੇ ਭਾਜਪਾ ‘ਤੇ ਖ਼ੁਦ ‘ਤੇ ਉੱਠੇ ਸਵਾਲਾਂ ਤੋਂ ਧਿਆਨ ਭਟਕਾਉਣ ਲਈ ਇਹ ਸਾਰਾ ਡਰਾਮਾ ਰਚਿਆ ਗਿਆ ਹੈ।
ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ‘ਆਪ’ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਭਾਜਪਾ ਨੇ ਆਉਣ ਵਾਲੀਆਂ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲੋਂ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਦੀ ਬਰਾਬਰੀ ਨਹੀਂ ਹੋ ਰਹੀ, ਇਸੇ ਲਈ ਉਹ ਏਜੰਸੀਆਂ ਜ਼ਰੀਏ ਧੱਕੇਸ਼ਾਹੀ ਕਰਕੇ ਸਾਨੂੰ ਦਬਾਉਣਾ ਚਾਹੁੰਦੀ ਹੈ। ਹੋਰਨਾਂ ਸੂਬਿਆਂ ਵਿੱਚ ਇਨ੍ਹਾਂ ਦਾ ਧੱਕਾ ਚੱਲ ਜਾਂਦਾ ਹੋਵੇਗਾ, ਪਰ ਪੰਜਾਬੀ ਇਸ ਗੁੰਡਾਗਰਦੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
ਲੁਧਿਆਣਾ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਦੀ ਅਗਵਾਈ ਹੇਠ ਪਾਰਟੀ ਆਗੂਆਂ ਨੇ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਪਾਰਟੀ ਵਲੰਟੀਅਰਾਂ ਅਤੇ ਆਮ ਲੋਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਕੇਂਦਰੀ ਏਜੰਸੀਆਂ ਦੀ ਭੂਮਿਕਾ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਉਨ੍ਹਾਂ ਦੀ ਵਰਤੋਂ ‘ਤੇ ਗੰਭੀਰ ਸਵਾਲ ਚੁੱਕੇ।
ਲੁਧਿਆਣਾ ਈਸਟ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਅਤੇ ਕਾਂਗਰਸ-ਅਕਾਲੀ ਦਲ ਨਾਲ ਮਿਲ ਕੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਇਹ ਇਹਨਾਂ ਦੀ ਵੱਡੀ ਗਲਤਫਹਿਮੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਅਤੇ ਕੀਤੇ ਵਿਕਾਸ ਕਾਰਜਾਂ ਤੋਂ ਬੌਖਲਾ ਕੇ ਇਹ ਪੂਰੀ ਤਰ੍ਹਾਂ ਨਜਾਇਜ਼ ਅਤੇ ਧੱਕੇਸ਼ਾਹੀ ਵਾਲੀ ਕਾਰਵਾਈ ਕੀਤੀ ਜਾ ਰਹੀ ਹੈ। ਭਾਜਪਾ ਵਾਲੇ ਇਹ ਯਾਦ ਰੱਖਣ ਕਿ ਪੰਜਾਬੀਆਂ ਨੇ ਤਾਂ ਉਸ ਅੰਗਰੇਜ਼ ਹਕੂਮਤ ਨੂੰ ਵੀ ਝੁਕਾ ਦਿੱਤਾ ਸੀ ਜਿਸ ਦਾ ਸੂਰਜ ਕਦੇ ਨਹੀਂ ਡੁੱਬਦਾ ਸੀ, ਇਸ ਲਈ ਅਜਿਹੀਆਂ ਧੱਕੇਸ਼ਾਹੀਆਂ ਨਾਲ ਪੰਜਾਬੀ ਡਰਨ ਵਾਲੇ ਨਹੀਂ ਹਨ।
ਬਰਨਾਲਾ ਵਿਖੇ ਪ੍ਰਦਰਸ਼ਨ ਦੌਰਾਨ ਆਪ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦਾ ਪਿਛਲੇ 14 ਸਾਲਾਂ ਦਾ ਇਲੈਕਸ਼ਨ ਲੜਨ ਦਾ ਤਰੀਕਾ ਅਤੇ ਇਤਿਹਾਸ ਸਭ ਦੇ ਸਾਹਮਣੇ ਹੈ। ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉੱਥੇ ਦੂਜੀਆਂ ਪਾਰਟੀਆਂ ਆਪਣੇ ਵੱਖ-ਵੱਖ ਵਿੰਗਾਂ ਨਾਲ ਬੈਠਕਾਂ ਕਰਕੇ ਤਿਆਰੀ ਕਰਦੀਆਂ ਹਨ, ਜਦਕਿ ਭਾਜਪਾ ਆਪਣੀ ਪਾਰਟੀ ਦੇ ਵਿੰਗ ਵਜੋਂ ਕੰਮ ਕਰ ਰਹੀਆਂ ਈਡੀ ਅਤੇ ਸੀਬੀਆਈ ਨੂੰ ਅੱਗੇ ਕਰਕੇ ਕਾਰਵਾਈਆਂ ਸ਼ੁਰੂ ਕਰਵਾ ਦਿੰਦੀ ਹੈ।
ਮੀਤ ਹੇਅਰ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਪੰਜਾਬ ਵਿੱਚ ਚੋਣਾਂ ਦੇ ਆਖਰੀ ਤਿੰਨ-ਚਾਰ ਮਹੀਨਿਆਂ ਵਿੱਚ ਭਾਜਪਾ ਇਹੀ ਕੁਝ ਕਰੇਗੀ। ਅਸੀਂ ਇਹਨਾਂ ਦੀ ਗੁੰਡਾਗਰਦੀ ਦਾ ਡੱਟ ਕੇ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਦਿੱਲੀ, ਬੰਗਾਲ ਅਤੇ ਹੋਰਨਾਂ ਰਾਜਾਂ ਵਿੱਚ ਵੀ ਵੋਟਾਂ ਕੱਟ ਕੇ ਅਤੇ ਕੇਂਦਰੀ ਏਜੰਸੀਆਂ ਦਾ ਡਰ ਦਿਖਾ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੰਜਾਬ ਸਰਕਾਰ ਦੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਭਾਜਪਾ ਨੂੰ ਕੋਈ ਭ੍ਰਿਸ਼ਟਾਚਾਰ ਦਾ ਮੁੱਦਾ ਨਹੀਂ ਮਿਲਿਆ, ਇਸੇ ਲਈ ਹੁਣ ਬਿਨਾਂ ਵਜ੍ਹਾ ਦੇ ਮੁੱਦੇ ਭਾਲ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।
ਉਹਨਾਂ ਅੱਗੇ ਕਿਹਾ ਕਿ ਭਾਜਪਾ ਕੋਲ ਪੰਜਾਬ ਦੇ ਪਿੰਡਾਂ ਵਿੱਚ ਵਿਕਾਸ ਜਾਂ ਮੁੱਦਿਆਂ ਦੇ ਆਧਾਰ ‘ਤੇ ਵੋਟ ਮੰਗਣ ਦੀ ਹਿੰਮਤ ਨਹੀਂ ਹੈ। ਬਿਜਲੀ, ਨਹਿਰੀ ਪਾਣੀ, ਹਸਪਤਾਲਾਂ, ਖੇਡ ਮੈਦਾਨਾਂ ਅਤੇ ਸੜਕਾਂ ਦੇ ਖੇਤਰ ਵਿੱਚ ਜੋ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ, ਉਸ ਦੇ ਸਾਹਮਣੇ ਵਿਰੋਧੀ ਧਿਰਾਂ ਕਿਤੇ ਨਹੀਂ ਠਹਿਰਦੀਆਂ। ਭਾਜਪਾ ਕੋਲ ਚੋਣ ਲੜਨ ਲਈ ਨਾ ਤਾਂ 117 ਹਲਕਿਆਂ ਵਿੱਚ ਉਮੀਦਵਾਰ ਹਨ ਅਤੇ ਨਾ ਹੀ ਪੋਲਿੰਗ ਬੂਥਾਂ ‘ਤੇ ਬਿਠਾਉਣ ਲਈ ਵਰਕਰ। ਵੋਟਾਂ ਈਡੀ ਜਾਂ ਸੀਬੀਆਈ ਨੇ ਨਹੀਂ, ਸਗੋਂ ਪੰਜਾਬ ਦੇ ਲੋਕਾਂ ਨੇ ਪਾਉਣੀਆਂ ਹਨ ਅਤੇ ਪੰਜਾਬੀ ਖਰੀਦੇ ਨਹੀਂ ਜਾ ਸਕਦੇ। ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੈ ਕਿ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ।







