ਭਾਰਤ ਨਾਲ ਵਪਾਰ ਵਧਾਉਣ ਲਈ Canada ਭੇਜੇਗਾ 300 ਕਾਰੋਬਾਰੀ ਨੁਮਾਇੰਦਿਆਂ ਦਾ ਵਫ਼ਦ

Top Trending News ਕੌਮਾਂਤਰੀ ਰਾਸ਼ਟਰੀ

ਭਾਰਤ ਨਾਲ ਵਪਾਰ ਵਧਾਉਣ ਲਈ Canada ਭੇਜੇਗਾ 300 ਕਾਰੋਬਾਰੀ ਨੁਮਾਇੰਦਿਆਂ ਦਾ ਵਫ਼ਦ

2030 ਤੱਕ ਦੁਵੱਲਾ ਵਪਾਰ ਦੁੱਗਣੇ ਤੋਂ ਵੱਧ ਕਰਨ ਦਾ ਟੀਚਾ, ਮੁੰਬਈ ਤੇ ਬੈਂਗਲੁਰੂ ਦਾ ਕਰੇਗਾ ਦੌਰਾ

Canada/India, 11 ਅਕਤੂਬਰ, 2026: ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਅਗਲੇ ਹਫ਼ਤੇ ਲਗਭਗ 300 ਕਾਰੋਬਾਰੀ ਨੁਮਾਇੰਦਿਆਂ ਦਾ ਵਫ਼ਦ ਭਾਰਤ ਭੇਜੇਗਾ। ਪਿਛਲੇ 30 ਸਾਲਾਂ ਤੋਂ ਵੱਧ ਸਮੇਂ ਦੌਰਾਨ ਭਾਰਤ ਆਉਣ ਵਾਲਾ ਇਹ ਕੈਨੇਡਾ ਦਾ ਸਭ ਤੋਂ ਵੱਡਾ ਵਪਾਰਕ ਵਫ਼ਦ ਹੋਵੇਗਾ। ਇਸ ਦਾ ਮੁੱਖ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰ ਨੂੰ ਦੁੱਗਣੇ ਤੋਂ ਵੀ ਵੱਧ ਕਰਨਾ ਹੈ।

ਅਧਿਕਾਰਤ ਬਿਆਨ ਅਨੁਸਾਰ, ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਇਹ ਵਫ਼ਦ 12 ਤੋਂ 17 ਅਕਤੂਬਰ ਤੱਕ ਮੁੰਬਈ ਅਤੇ ਬੈਂਗਲੁਰੂ ਦਾ ਦੌਰਾ ਕਰੇਗਾ।

ਮਨਿੰਦਰ ਸਿੱਧੂ ਨੇ ਕਿਹਾ ਕਿ ਏਅਰੋਸਪੇਸ, ਖੇਤੀਬਾੜੀ, ਖੁਰਾਕੀ ਉਤਪਾਦਾਂ ਅਤੇ ਸਾਫ਼-ਸੁਥਰੀ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਕੈਨੇਡਾ ਦੀ ਮੁਹਾਰਤ ਨੂੰ ਭਾਰਤ ਦੀਆਂ ਵਧਦੀਆਂ ਲੋੜਾਂ ਨਾਲ ਜੋੜਿਆ ਜਾਵੇਗਾ। ਇਸ ਨਾਲ ਵਪਾਰ ਵਿੱਚ ਵਿਭਿੰਨਤਾ ਲਿਆਉਣ ਅਤੇ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ।

ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਦੋਵੇਂ ਦੇਸ਼ ਇਸ ਸਾਲ ਦੇ ਅੰਤ ਤੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਬਾਰੇ ਗੱਲਬਾਤ ਮੁਕੰਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਮਝੌਤੇ ਸਬੰਧੀ ਗੱਲਬਾਤ ਦਾ ਪੰਜਵਾਂ ਦੌਰ 5 ਤੋਂ 9 ਅਕਤੂਬਰ ਤੱਕ ਓਟਾਵਾ ਵਿੱਚ ਹੋਇਆ ਸੀ।

ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਜੀ-20 ਵਪਾਰ ਮੰਤਰੀਆਂ ਦੀ ਮੀਟਿੰਗ ਦੌਰਾਨ ਮਨਿੰਦਰ ਸਿੱਧੂ ਨੇ ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਵਪਾਰ ਸਮਝੌਤੇ ਦੀ ਪ੍ਰਗਤੀ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ।