ਵੱਡੀ ਖ਼ਬਰ: ਤਰਨਤਾਰਨ ’ਚ ASI ਦਾ ਗੋਲੀਆਂ ਮਾਰ ਕੇ ਕਤਲ

Top Trending News ਪੰਜਾਬ
  • ਵੱਡੀ ਖ਼ਬਰ: ਤਰਨਤਾਰਨ ’ਚ ASI ਦਾ ਗੋਲੀਆਂ ਮਾਰ ਕੇ ਕਤਲ
  • ਡਿਊਟੀ ਤੋਂ ਘਰ ਪਰਤਦੇ ਸਮੇਂ ਹੋਇਆ ਹਮਲਾ

ਤਰਨਤਾਰਨ, ਅਕਤੂਬਰ 11 (ਦੇਸ਼ ਕਲਿੱਕ ਬਿਊਰੋ): ਤਰਨਤਾਰਨ ਵਿੱਚ ਐਤਵਾਰ ਦੇਰ ਸ਼ਾਮ ਸਹਾਇਕ ਸਬ-ਇੰਸਪੈਕਟਰ (ASI) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਉਸ ਸਮੇਂ ਹੋਈ ਜਦੋਂ ਉਹ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ ’ਤੇ ਆਪਣੇ ਘਰ ਪਰਤ ਰਹੇ ਸਨ। ਰਸਤੇ ਵਿੱਚ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਕਬਾਲ ਸਿੰਘ (55), ਵਾਸੀ ਨੌਸ਼ਹਿਰਾ ਪੰਨੂਆਂ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਉਹ ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਵਿਭਾਗ ਵਿੱਚ ਤਾਇਨਾਤ ਸਨ।

ਜਾਣਕਾਰੀ ਅਨੁਸਾਰ, ਇਕਬਾਲ ਸਿੰਘ ਫਿਰੋਜ਼ਪੁਰ ਵਿੱਚ ਡਿਊਟੀ ਪੂਰੀ ਕਰਨ ਤੋਂ ਬਾਅਦ ਸ਼ਾਮ ਕਰੀਬ 7:30 ਵਜੇ ਮੋਟਰਸਾਈਕਲ ’ਤੇ ਘਰ ਵਾਪਸ ਜਾ ਰਹੇ ਸਨ। ਜਦੋਂ ਉਹ ਨੌਸ਼ਹਿਰਾ ਤੋਂ ਲੋਹਕਾ ਰੋਡ ’ਤੇ ਸਥਿਤ ਪਟਵਾਰਖਾਨੇ ਨੇੜੇ ਪਹੁੰਚੇ ਤਾਂ ਮੋਟਰਸਾਈਕਲ ’ਤੇ ਆਏ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਹਨੇਰੇ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਏ।

ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਡੀਐੱਸਪੀ ਪੱਟੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰਕੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਫਿਲਹਾਲ ਕਤਲ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਵੱਲੋਂ ਨੇੜਲੇ ਇਲਾਕਿਆਂ ਅਤੇ ਰਸਤਿਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।