Canada Breaking: ‘ਖਾਲਿਸਤਾਨ ਦੇ ਮੁੱਦੇ ਤੇ ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ, ਕਿਹਾ -ਇਹ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ
ਓਟਾਵਾ 12 ਅਕਤੂਬਰ 2026
ਖਾਲਿਸਤਾਨ ਦੇ ਮੁੱਦੇ ਨੂੰ ਲੈਕੇ ਇੱਕ ਵਾਰ ਫੇਰ ਭਾਰਤ ਦੀ ਸਖ਼ਤ ਟਿੱਪਣੀ ਵੇਖਣ ਨੂੰ ਮਿਲੀ ਹੈ। ਕੱਟੜਪੰਥੀਆਂ ਦੇ ਵਿਰੁੱਧ ਭਾਰਤ ਦਾ ਰੁਖ਼ ਸਾਫ਼ ਹੈ ਕਿ ਮੁਲਕ ਦੇ ਅੰਦਰ ਕਿਸੇ ਨੂੰ ਵੀ ਗੜਬੜ ਕਰਨ ਨਹੀਂ ਦਿੱਤੀ ਜਾਵੇਗੀ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਕਿਹਾ ਹੈ ਕਿ ਖਾਲਿਸਤਾਨ ਦਾ ਮੁੱਦਾ ਭਾਰਤ ਦੀ ਬਜਾਇ ਕੈਨੇਡਾ ਲਈ ਵੱਡੀ ਚੁਣੌਤੀ ਹੈ।
ਉਨ੍ਹਾਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਸਿਆਸੀ ਪ੍ਰਚਾਰ ਅਤੇ ਹਿੰਸਾ, ਫਿਰੌਤੀ ਤੇ ਸੰਗਠਿਤ ਅਪਰਾਧ ਨਾਲ ਜੁੜੀਆਂ ਕੱਟੜਪੰਥੀ ਗਤੀਵਿਧੀਆਂ ਵਿਚ ਸਪੱਸ਼ਟ ਅੰਤਰ ਕੀਤਾ ਜਾਵੇ।
ਕੈਨੇਡੀਅਨ ਜਨਤਕ ਪ੍ਰਸਾਰਕ ਸੀਪੀਏਸੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਪਟਨਾਇਕ ਨੇ ਕਿਹਾ ਕਿ ਭਾਰਤ ਵਿੱਚ ਖਾਲਿਸਤਾਨ ਨੂੰ ਲੈ ਕੇ ਕੋਈ ਵੱਡਾ ਸਿਆਸੀ ਮੁੱਦਾ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਆਪਣੀ ਧਰਤੀ ’ਤੇ ਸਰਗਰਮ ਕੱਟੜਪੰਥੀ ਤੱਤਾਂ ਦੇ ਇੱਕ ਛੋਟੇ ਸਮੂਹ ਦੀਆਂ ਗਤੀਵਿਧੀਆਂ ਵੱਲ ਧਿਆਨ ਦੇਣ ਦੀ ਲੋੜ ਹੈ।
ਭਾਰਤੀ ਹਾਈ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਕੁਝ ਵਿਅਕਤੀਆਂ ਜਾਂ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਸਮੁੱਚੇ ਸਿੱਖ ਭਾਈਚਾਰੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਵਿਚਾਰ ਪ੍ਰਗਟ ਕਰਨ ਦੇ ਅਧਿਕਾਰ ਦਾ ਸਨਮਾਨ ਹੋਣਾ ਚਾਹੀਦਾ ਹੈ, ਪਰ ਹਿੰਸਾ, ਧਮਕੀਆਂ, ਫਿਰੌਤੀ ਅਤੇ ਸੰਗਠਿਤ ਅਪਰਾਧ ਨਾਲ ਜੁੜੀਆਂ ਕਾਰਵਾਈਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।







