ਭਾਸ਼ਾ ਵਿਭਾਗ ਪੰਜਾਬ ਵੱਲੋਂ ਪੇਂਡੂ ਲਾਇਬ੍ਰੇਰੀਆਂ, ਸਕੂਲਾਂ ਅਤੇ ਕਾਲਜਾਂ ਲਈ ‘ਪੁਸਤਕ ਮੈਚਿੰਗ ਗ੍ਰਾਂਟ’ ਯੋਜਨਾ ਦੀ ਸ਼ੁਰੂਆਤ

Top Trending News ਪੰਜਾਬ

 

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੇਂਡੂ ਲਾਇਬ੍ਰੇਰੀਆਂ, ਸਕੂਲਾਂ ਅਤੇ ਕਾਲਜਾਂ ਲਈ ‘ਪੁਸਤਕ ਮੈਚਿੰਗ ਗ੍ਰਾਂਟ’ ਯੋਜਨਾ ਦੀ ਸ਼ੁਰੂਆਤ

ਖ਼ਰੀਦੀਆਂ ਪੁਸਤਕਾਂ ਦੇ ਬਰਾਬਰ ਮੁੱਲ ਦੀਆਂ ਪੁਸਤਕਾਂ ਭਾਸ਼ਾ ਵਿਭਾਗ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ

‘ਪੁਸਤਕ ਮੈਚਿੰਗ ਗ੍ਰਾਂਟ’ ਦਾ ਲਾਭ ਲੈਣ ਲਈ ਸੰਸਥਾਵਾਂ ਨੂੰ ਬਿਨੈ-ਪੱਤਰ ਦੇਣ ਦੀ ਅਪੀਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਅਕਤੂਬਰ 2026- ਪੰਜਾਬੀ ਭਾਸ਼ਾ, ਸਾਹਿਤ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਪਾਠਕਾਂ ਤੱਕ ਪੁਸਤਕਾਂ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੇਂਡੂ ਲਾਇਬ੍ਰੇਰੀਆਂ, ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਤੇ ਸਾਹਿਤਕ ਸੰਸਥਾਵਾਂ ਲਈ ਤੀਜੀ ਤਿਮਾਹੀ ਅਧੀਨ ‘ਪੁਸਤਕ ਮੈਚਿੰਗ ਗ੍ਰਾਂਟ’ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਰਾਹੀਂ ਸੰਸਥਾਵਾਂ ਆਪਣੇ ਪੁਸਤਕ ਭੰਡਾਰ ਵਿੱਚ ਵਾਧਾ ਕਰ ਸਕਣਗੀਆਂ ਅਤੇ ਪਾਠਕਾਂ, ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਨੂੰ ਵਧੇਰੇ ਪੁਸਤਕਾਂ ਪੜ੍ਹਨ ਦੇ ਮੌਕੇ ਪ੍ਰਾਪਤ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕੋਈ ਵੀ ਲਾਇਬ੍ਰੇਰੀ, ਸਕੂਲ ਜਾਂ ਕਾਲਜ ਭਾਸ਼ਾ ਵਿਭਾਗ ਤੋਂ ਜਿੰਨੇ ਮੁੱਲ ਦੀਆਂ ਪੁਸਤਕਾਂ ਖ਼ਰੀਦੇਗਾ, ਉਸ ਦੇ ਬਰਾਬਰ ਮੁੱਲ ਦੀਆਂ ਪੁਸਤਕਾਂ ਵਿਭਾਗ ਵੱਲੋਂ ‘ਮੈਚਿੰਗ ਗ੍ਰਾਂਟ’ ਦੇ ਰੂਪ ਵਿੱਚ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ। ਇਹ ਯੋਜਨਾ ਪੇਂਡੂ ਲਾਇਬ੍ਰੇਰੀਆਂ ਅਤੇ ਵਿਦਿਅਕ ਸੰਸਥਾਵਾਂ ਲਈ ਆਪਣੇ ਪੁਸਤਕ ਭੰਡਾਰ ਨੂੰ ਵਿਸ਼ਾਲ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਇਸ ਲਈ ਜ਼ਿਲ੍ਹੇ ਦੀਆਂ ਸਮੂਹ ਪੇਂਡੂ ਲਾਇਬ੍ਰੇਰੀਆਂ, ਸਕੂਲਾਂ, ਕਾਲਜਾਂ ਅਤੇ ਹੋਰ ਸਬੰਧਤ ਮੁਖੀਆਂ ਨੂੰ ਅਪੀਲ ਹੈ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਇਸ ਗ੍ਰਾਂਟ ਲਾਭ ਲੈਣ ਲਈ ਚਾਹਵਾਨ ਸੰਸਥਾਵਾਂ ਆਪਣੀ ਸੰਸਥਾ ਦੇ ਅਧਿਕਾਰਤ ਲੈਟਰ-ਪੈਡ ਉੱਤੇ ਮੁਖੀ/ਪ੍ਰਿੰਸੀਪਲ ਦੀ ਮੋਹਰ ਅਤੇ ਦਸਤਖ਼ਤਾਂ ਸਮੇਤ ਬਿਨੈ-ਪੱਤਰ ਤਿਆਰ ਕਰਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਦੇ ਸਕਦੇ ਹਨ।ਪ੍ਰਾਪਤ ਬਿਨੈ-ਪੱਤਰਾਂ ਦੇ ਆਧਾਰ ’ਤੇ ਮੰਗ ਅਨੁਸਾਰ ਮੁੱਖ ਦਫ਼ਤਰ ਤੋਂ ਪੁਸਤਕਾਂ ਲਈ ਰਾਸ਼ੀ ਪ੍ਰਾਪਤ ਕਰਕੇ ਸੰਸਥਾਵਾਂ ਨੂੰ ਪੁਸਤਕਾਂ ਉਪਲਬਧ ਕਰਵਾਉਣ ਦੀ ਕਾਰਵਾਈ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਅਤੇ ਬਿਨੈ-ਪੱਤਰ ਜਮ੍ਹਾਂ ਕਰਵਾਉਣਲਈ 94633-87365 ’ਤੇ ਸੰਪਰਕ ਕੀਤਾ ਜਾ ਸਕਦਾ ਹੈ।