ਇਤਿਹਾਸਕ ਪ੍ਰਾਪਤੀ: ਮਾਈ ਭਾਗੋ ਏ.ਐਫ.ਪੀ.ਆਈ. ਦੀਆਂ 17 ਮਹਿਲਾ ਕੈਡਿਟਾਂ ਵੱਲੋਂ NDA Exam ਪਾਸ

Top Trending News ਪੰਜਾਬ

 

ਇਤਿਹਾਸਕ ਪ੍ਰਾਪਤੀ: ਮਾਈ ਭਾਗੋ ਏ.ਐਫ.ਪੀ.ਆਈ. ਦੀਆਂ 17 ਮਹਿਲਾ ਕੈਡਿਟਾਂ ਵੱਲੋਂ NDA Exam ਪਾਸ; ਭਾਰਤ ਦੇ ਕਿਸੇ ਵੀ ਸਰਕਾਰੀ ਅਦਾਰੇ ‘ਚੋਂ ਪਾਸ ਹੋਣ ਵਾਲੀਆਂ ਮਹਿਲਾਂ ਕੈਡਿਟਾਂ ਦੀ ਸਭ ਤੋਂ ਵੱਡੀ ਗਿਣਤੀ

ਅਮਨ ਅਰੋੜਾ ਨੇ ਕੈਡਿਟਾਂ ਨੂੰ ਦਿੱਤੀ ਵਧਾਈ; ਕਿਹਾ, ਪੰਜਾਬ ਦੀਆਂ ਧੀਆਂ ਆਪਣੇ ਦ੍ਰਿੜ੍ਹ ਇਰਾਦੇ ਨਾਲ ਐਸ.ਐਸ.ਬੀ. ਅਤੇ ਇਸ ਤੋਂ ਅੱਗੇ ਵੀ ਨਾਮਣਾ ਖੱਟਣਗੀਆਂ

ਲੜਕੀਆਂ ਨੂੰ ਸਮਰੱਥ ਬਣਾਉਣ ਵਿੱਚ ਪੰਜਾਬ ਦੇਸ਼ ਭਰ ਵਿੱਚ ਮੋਹਰੀ ਬਣ ਕੇ ਉਭਰਿਆ; ਇਹ ਪ੍ਰਾਪਤੀ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਐਨ.ਡੀ.ਏ. ਵਿੰਗ ਸ਼ੁਰੂ ਕਰਨ ਸਬੰਧੀ ਮਾਨ ਸਰਕਾਰ ਦੇ ਦੂਰਅੰਦੇਸ਼ੀ ਫੈਸਲੇ ਦਾ ਨਤੀਜਾ: ਅਮਨ ਅਰੋੜਾ

ਚੰਡੀਗੜ੍ਹ, 12 ਅਕਤੂਬਰ:

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’ (ਏਐਫਪੀਆਈ) ਮੋਹਾਲੀ ਦੀਆਂ 17 ਮਹਿਲਾ ਕੈਡਿਟਾਂ ਨੇ ਐਨਡੀਏ ਦੀ ਲਿਖਤੀ ਪ੍ਰੀਖਿਆ ਪਾਸ ਕਰਕੇ ਰਾਸ਼ਟਰੀ ਪੱਧਰ ‘ਤੇ ਇਤਿਹਾਸ ਰਚ ਦਿੱਤਾ ਹੈ। ਇਹ ਦੇਸ਼ ਦੀ ਕਿਸੇ ਵੀ ਸਰਕਾਰੀ ਸੰਸਥਾ, ਜਿਸ ਵਿੱਚ ਸੈਨਿਕ ਸਕੂਲ ਅਤੇ ਰਾਸ਼ਟਰੀ ਮਿਲਟਰੀ ਸਕੂਲ ਵੀ ਸ਼ਾਮਲ ਹੈ, ਵੱਲੋਂ ਐਨਡੀਏ ਪ੍ਰੀਖਿਆ ਪਾਸ ਕਰਨ ਵਾਲੀਆਂ ਮਹਿਲਾ ਕੈਡਿਟਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।

ਵੱਡੀਆਂ ਚੁਣੌਤੀਆਂ ਦੇ ਬਾਵਜੂਦ ਇਹ ਸਫਲਤਾ ਹਾਸਲ ਕਰਨ ਵਾਲੀਆਂ 17 ਮਹਿਲਾ ਕੈਡਿਟਾਂ ਵਿੱਚ ਤਨਵੀ, ਉਰਵੀ, ਸਿਮਰਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਪਹੁਲਜੀਤ ਕੌਰ, ਜਸਮੀਤ ਕੌਰ, ਮੁਸਕਾਨਪ੍ਰੀਤ ਕੌਰ, ਗਰਿਮਾ, ਅਨੀਸ਼ਾ, ਪ੍ਰਣਯਾ ਕਾਰਗਵਾਲ, ਜਸ਼ਨਦੀਪ ਕੌਰ, ਸਮ੍ਰਿਧੀ, ਅਰਸ਼ਕਿਰਨ ਕੌਰ, ਸਹਿਜਪ੍ਰੀਤ ਕੌਰ, ਜਪਨੀਤ ਕੌਰ, ਖੁਸ਼ੀ ਅਤੇ ਜਸਲੀਨ ਕੌਰ ਸ਼ਾਮਲ ਹਨ। ਉਨ੍ਹਾਂ ਨੇ ਇਹ ਪ੍ਰੀਖਿਆ ਅਜਿਹੀ ਪ੍ਰਣਾਲੀ ਵਿੱਚ ਪਾਸ ਕੀਤੀ ਹੈ ਜਿੱਥੇ ਐਨਡੀਏ ਦੀਆਂ ਕੁੱਲ ਸੀਟਾਂ ਵਿੱਚੋਂ ਸਿਰਫ਼ 6 ਫ਼ੀਸਦ ਸੀਟਾਂ ਹੀ ਲੜਕੀਆਂ ਲਈ ਰਾਖਵੀਆਂ ਹਨ, ਜਦਕਿ 94 ਫ਼ੀਸਦ ਸੀਟਾਂ ਲੜਕਿਆਂ ਲਈ ਰਾਖਵੀਆਂ ਹਨ।

ਇਸ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਦਿਆਂ, ਪੰਜਾਬ ਦੇ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹਨਾਂ ਨਤੀਜਿਆਂ ਨੇ ਲੜਕੀਆਂ ਨੂੰ ਹਥਿਆਰਬੰਦ ਬਲਾਂ ਵਿੱਚ ਕਰੀਅਰ ਬਣਾਉਣ ਦੇ ਸਮਰੱਥ ਬਣਾਉਣ ਵਿੱਚ ਦੇਸ਼ ਦੇ ਮੋਹਰੀ ਸੂਬੇ ਵਜੋਂ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਜਿੱਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਉਸ ਦੂਰਅੰਦੇਸ਼ੀ ਫੈਸਲੇ ‘ਤੇ ਮੋਹਰ ਲਗਾਉਂਦੀ ਹੈ ਜਿਸ ਤਹਿਤ ਮਾਈ ਭਾਗੋ ਏ.ਐਫ.ਪੀ.ਆਈ. ਵਿਖੇ ਲੜਕੀਆਂ ਲਈ ਐਨ.ਡੀ.ਏ. ਦੀ ਤਿਆਰੀ ਸਬੰਧੀ ਵਿੰਗ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਨਤੀਜੇ ਹੋਰ ਵੀ ਬਿਹਤਰ ਹੋਣਗੇ।

ਸ੍ਰੀ ਅਮਨ ਅਰੋੜਾ ਨੇ ਕੈਡਿਟਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਫੈਕਲਟੀ ਨੂੰ ਵਧਾਈ ਦਿੰਦਿਆਂ ਕਿਹਾ, “ਮੈਨੂੰ ਮਾਈ ਭਾਗੋ ਏ.ਐਫ.ਪੀ.ਆਈ. ਦੀਆਂ 17 ਮਹਿਲਾ ਕੈਡਿਟਾਂ ‘ਤੇ ਬਹੁਤ ਮਾਣ ਹੈ। ਇਹ ਸਿਰਫ਼ ਇਨ੍ਹਾਂ ਨੌਜਵਾਨ ਲੜਕੀਆਂ ਦੀ ਜਿੱਤ ਨਹੀਂ, ਸਗੋਂ ਪੰਜਾਬ ਲਈ ਇੱਕ ਇਤਿਹਾਸਕ ਪਲ ਹੈ। ਅਜਿਹੀ ਪ੍ਰਣਾਲੀ ਵਿੱਚ ਸਫਲਤਾ ਹਾਸਲ ਕਰਨ ਲਈ, ਜਿੱਥੇ 94 ਫ਼ੀਸਦ ਸੀਟਾਂ ਲੜਕਿਆਂ ਲਈ ਰਾਖ਼ਵੀਆਂ ਹਨ, ਅਸਾਧਾਰਨ ਹਿੰਮਤ ਅਤੇ ਪ੍ਰਤਿਭਾ ਦੀ ਲੋੜ ਹੁੰਦੀ ਹੈ ਅਤੇ ਸਾਡੀਆਂ ਧੀਆਂ ਨੇ ਆਪਣੀ ਹਿੰਮਤ ਅਤੇ ਹੁਨਰ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਹੈ।”

ਉਨ੍ਹਾਂ ਕਿਹਾ, “ਇਹ ਨਤੀਜਾ ਸਾਡੀਆਂ ਧੀਆਂ ਨੂੰ ਵਿਸ਼ਵ-ਪੱਧਰੀ ਸਿਖਲਾਈ ਨਾਲ ਸਮਰੱਥ ਬਣਾਉਣ ਪ੍ਰਤੀ ਸਾਡੀ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਪ੍ਰਤੱਖ ਪ੍ਰਮਾਣ ਹੈ। ਮਾਈ ਭਾਗੋ ਏ.ਐਫ.ਪੀ.ਆਈ. ਅੱਜ ਉੱਤਮਤਾ ਦੀ ਇੱਕ ਮਿਸਾਲ ਵਜੋਂ ਖੜ੍ਹੀ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਕੈਡਿਟ ਐਸ.ਐਸ.ਬੀ. ਅਤੇ ਇਸ ਤੋਂ ਅੱਗੇ ਵੀ ਦੇਸ਼ ਦਾ ਨਾਂ ਰੌਸ਼ਨ ਕਰਨਗੇ।”