ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਚੱਕਰਵਾਤੀ ਤੂਫ਼ਾਨ ਦੇ ਨਾਲ ਭਾਰੀ ਮੀਂਹ ਦਾ ਖ਼ਤਰਾ
ਨਵੀਂ ਦਿੱਲੀ 27 ਅਕਤੂਬਰ 2026
ਬੰਗਾਲ ਦੀ ਖਾੜੀ ਵਿੱਚ ਬਣਿਆ ਡੂੰਘਾ ਦਬਾਅ ਚੱਕਰਵਾਤ ‘ਅਰਨਬ’ ਵਿੱਚ ਤਬਦੀਲ ਹੋ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਮੁਤਾਬਕ, ਇਹ ਚੱਕਰਵਾਤ ਅੱਜ ਗੰਭੀਰ ਰੂਪ ਧਾਰਨ ਕਰ ਸਕਦਾ ਹੈ ਅਤੇ 28 ਅਕਤੂਬਰ ਦੀ ਸਵੇਰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਚੱਕਰਵਾਤ ਦੇ ਖ਼ਤਰੇ ਨੂੰ ਦੇਖਦਿਆਂ ਮੌਸਮ ਵਿਭਾਗ ਨੇ 27 ਅਤੇ 28 ਅਕਤੂਬਰ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਕੁਝ ਇਲਾਕਿਆਂ ਵਿੱਚ ਬੇਹੱਦ ਭਾਰੀ ਮੀਂਹ ਪੈਣ ਦਾ ਵੀ ਖ਼ਦਸ਼ਾ ਹੈ। ਇਸ ਕਾਰਨ ਹੇਠਲੇ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਚੱਕਰਵਾਤ ਦੇ ਮੱਦੇਨਜ਼ਰ ਦੱਖਣੀ ਤੱਟੀ ਰੇਲਵੇ ਨੇ ਸੁਰੱਖਿਆ ਦੇ ਇੰਤਜ਼ਾਮ ਵਜੋਂ 27 ਅਤੇ 28 ਅਕਤੂਬਰ ਨੂੰ ਚੱਲਣ ਵਾਲੀਆਂ 53 ਰੇਲਗੱਡੀਆਂ ਦੀਆਂ ਸੇਵਾਵਾਂ ਰੱਦ ਕਰਨ ਦਾ ਐਲਾਨ ਕੀਤਾ ਹੈ।
ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਟੇਸ਼ਨ ਜਾਣ ਤੋਂ ਪਹਿਲਾਂ ਆਪਣੀ ਰੇਲਗੱਡੀ ਦੀ ਸਥਿਤੀ ਅਤੇ ਰੱਦ ਹੋਣ ਸਬੰਧੀ ਜਾਣਕਾਰੀ ਦੀ ਪੁਸ਼ਟੀ ਜ਼ਰੂਰ ਕਰ ਲੈਣ। ਵਿਭਾਗ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਰੇਲਗੱਡੀਆਂ ਰੱਦ ਹੋਣ ਕਾਰਨ ਹੋਣ ਵਾਲੀ ਅਸੁਵਿਧਾ ਲਈ ਰੇਲਵੇ ਨੇ ਅਫ਼ਸੋਸ ਵੀ ਪ੍ਰਗਟਾਇਆ ਹੈ।







