ਅਮਰੀਕਾ ’ਚ ਜੈਸਮੀਨ ਗਿੱਲ ਦੇ ਕਤਲ ਮਾਮਲੇ ’ਚ ਇਨਸਾਫ਼ ਲਈ ਮਾਂ ਨੇ CM ਮਾਨ ਤੋਂ ਮੰਗੀ ਮਦਦ
ਲੁਧਿਆਣਾ, 27 ਅਕਤੂਬਰ
ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਆਪਣੀ ਧੀ ਜੈਸਮੀਨ ਗਿੱਲ ਦੀ ਹੱਤਿਆ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਉਸ ਦੀ ਮਾਤਾ ਸੁਖਵਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਸਰਕਾਰੀ ਸਹਾਇਤਾ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੈਸਮੀਨ, ਜੋ ਅਮਰੀਕਾ ਵਿੱਚ ਨਰਸ ਵਜੋਂ ਸੇਵਾ ਨਿਭਾ ਰਹੀ ਸੀ, ਦਾ ਵਿਆਹ ਲਗਭਗ ਢਾਈ ਸਾਲ ਪਹਿਲਾਂ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਵਾਸੀ ਗੁਰਿੰਦਰ ਸਿੰਘ ਗਿੱਲ ਨਾਲ ਹੋਇਆ ਸੀ।
ਪੱਤਰ ਅਨੁਸਾਰ, ਸੈਕਰਾਮੈਂਟੋ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਗੁਰਿੰਦਰ ਸਿੰਘ ਨੇ 30 ਸਤੰਬਰ ਦੀ ਰਾਤ ਜੈਸਮੀਨ ਦੀ ਹੱਤਿਆ ਕਰਨ ਮਗਰੋਂ ਉਸ ਦੀ ਦੇਹ ਐਲ ਡੋਰਾਡੋ ਕਾਊਂਟੀ ਦੇ ਜੰਗਲਾਂ ਵਿੱਚ ਲਿਜਾ ਕੇ ਸਾੜ ਦਿੱਤੀ। ਪੁਲਿਸ ਨੇ ਅਗਲੇ ਦਿਨ ਉਸ ਦੀ ਦੇਹ ਬਰਾਮਦ ਕਰ ਲਈ ਸੀ। ਗੁਰਿੰਦਰ ਸਿੰਘ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਜੇਲ੍ਹ ਵਿੱਚ ਹੈ।
ਸੁਖਵਿੰਦਰ ਕੌਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਪੈਰਵੀ ਲਈ ਸਹਾਇਤਾ, ਭਾਰਤੀ ਦੂਤਾਵਾਸ ਰਾਹੀਂ ਜਾਂਚ ਦੀ ਜਾਣਕਾਰੀ, ਜੈਸਮੀਨ ਦੀ ਦੇਹ ਭਾਰਤ ਲਿਆਉਣ ਲਈ ਕਾਨੂੰਨੀ ਤੇ ਆਰਥਿਕ ਸਹਾਇਤਾ ਅਤੇ ਆਪਣੇ ਸੱਤ ਮਹੀਨੇ ਦੇ ਦੋਹਤੇ ਦੀ ਦੇਖਭਾਲ ਸਬੰਧੀ ਹੱਕ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਅਮਰੀਕਾ ਜਾ ਕੇ ਮਾਮਲੇ ਦੀ ਪੈਰਵੀ ਲਈ ਐਮਰਜੈਂਸੀ ਵੀਜ਼ਾ ਦਿਵਾਉਣ ਵਾਸਤੇ ਵਿਸ਼ੇਸ਼ ਸਿਫ਼ਾਰਸ਼ ਦੀ ਵੀ ਅਪੀਲ ਕੀਤੀ ਹੈ।







