ਈ.ਡੀ ਵੱਲੋਂ ਗਮਾਡਾ ਅਤੇ ਵੱਖ-ਵੱਖ ਬਿਲਡਰਾਂ ਵਿਰੁੱਧ ਕਰਵਾਈ ਸ਼ਲਾਘਾਯੋਗ ਕਦਮ- ਕੋਰਵਾਸ
ਪ੍ਰਾਈਵੇਟ ਮੈਗਾ ਪ੍ਰੋਜੈਕਟਾਂ ਦੇ ਵਸਨੀਕਾਂ ਵਿੱਚ ਖੁਸ਼ੀ ਦੀ ਲਹਿਰ
ਮੁਹਾਲੀ, 28 ਅਕਤੂਬਰ 2026- ਪਿਛਲੇ ਕੁੱਝ ਸਮੇਂ ਤੋਂ ਇਨਫੋਰਮੈਂਟ ਡਾਇਰੈਕਟੋਰੇਟ ਵੱਲੋਂ ਵੱਖ-ਵੱਖ ਬਿਲਡਰਾਂ ਅਤੇ ਗਮਾਡਾ/ਪੁੱਡਾ ਦੇ ਵਿਰੁੱਧ ਕਾਰਵਾਈ ਕਰਦਿਆਂ ਜਾਂਚ ਕੀਤੀ ਜਾ ਰਹੀ ਹੈ, ਜਿਸ ਨੂੰ ਮੁਹਾਲੀ ਦੇ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰਜੈਕਟਾਂ ਦੀਆਂ ਰੈਜੀਡੈਂਸ ਵੈਲਫੇਅਰ ਅਸ਼ੋਸੀਏਸ਼ਨਾਂ ਅਤੇ ਸੋਸਾਇਟੀਆਂ ਦੀ ਬਣੀ ਸਾਂਝੀ ਜਥੇਬੰਦੀ ਕੋਰਵਾਸ ਦੇ ਆਗੂ ਰਾਜਵਿੰਦਰ ਸਿੰਘ ਨੇ ਸ਼ਲਾਘਾਯੋਗ ਕਦਮ ਦੱਸਿਆ ਹੈ।
ਈ.ਡੀ ਦੀ ਕਾਰਵਾਈ ਨਾਲ ਆਮ ਲੋਕਾਂ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਇਨ੍ਹਾਂ ਮੈਗਾ ਪ੍ਰਾਜੈਕਟਾਂ ਦੇ ਸੈਕਟਰਾਂ ਵਿੱਚ ਰਹਿੰਦੇ ਲੋਕ ਗਮਾਡਾ/ਪੁੱਡਾ ਅਤੇ ਬਿਲਡਰਾਂ ਵੱਲੋਂ ਮਿਲ ਕੇ ਲੁੱਟੇ ਜਾ ਰਹੇ ਹਨ ਅਤੇ ਇਨ੍ਹਾਂ ਦੇ ਅੱਡੇ ਭ੍ਰਿਸ਼ਟਾਚਾਰ ਦਾ ਗੜ੍ਹ ਬਣ ਚੁੱਕੇ ਹਨ। ਜਿਸ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ ਵੱਲੋਂ ਵੀ ਕੀਤੀ ਗਈ ਹੈ। ਜਿਸ ਕਾਰਨ ਆਮ ਲੋਕ ਬਹੁਤ ਪਰੇਸ਼ਾਨ ਸਨ। ਜਦੋਂ ਵੀ ਇਨ੍ਹਾਂ ਵਿਰੁੱਧ ਕੋਈ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਕੀਤੀ ਜਾਂਦੀ ਹੈ ਭਾਵੇਂ ਉਹ ਸੀ.ਐਮ. ਆਫਿਸ ਨੂੰ ਹੀ ਕੀਤੀ ਹੋਵੇ ਤਾਂ ਉਹ ਸ਼ਿਕਾਇਤ ਵਾਪਸ ਉਨ੍ਹਾਂ ਅਧਿਕਾਰੀਆਂ ਕੋਲ ਹੀ ਆ ਜਾਂਦੀ ਹੈ ਜਿਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ ਹੁੰਦੀ ਹੈ।
ਗਮਾਡਾ/ਪੁੱਡਾ ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਿਸੇ ਏਜੰਸੀ ਦਾ ਹੋਣਾ ਸਮੇਂ ਦੀ ਮੁੱਖ ਲੋੜ ਹੈ। ਸੋ ਈ.ਡੀ ਵੱਲੋਂ ਕੀਤੀ ਕਾਰਵਾਈ ਨਾਲ ਲੋਕਾਂ ਨੂੰ ਇਨਸਾਫ ਮਿਲਣ ਦੀ ਪੂਰੀ ਉਮੀਦ ਹੈ। ਪਿਛਲੇ ਦਿਨੀ ਸ਼ੋਸ਼ਲ ਮੀਡੀਆ ਅਤੇ ਅਖਬਾਰਾਂ ਰਾਂਹੀ ਪਤਾ ਲੱਗਾ ਹੈ ਕਿ ਪੁੱਡਾ ਵੱਖ-ਵੱਖ ਬਿਲਡਰਾਂ ਨਾਲ ਮਿਲੀਭੁਗਤ ਕਰਕੇ ਮਾਸਟਰ ਪਲਾਨ ਵਿੱਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਵਿੱਚ ਸੜਕਾਂ ਨੂੰ ਤੰਗ ਕਰਨ ਦੀ ਤਜ਼ਵੀਜ ਚਲ ਰਹੀ ਹੈ ਜੋ ਕਿ ਸਰਾਸਰ ਗਲਤ ਕਾਰਵਾਈ ਹੈ। ਸਗੋਂ ਸਮੇਂ ਦੇ ਬੀਤਣ ਨਾਲ ਸੜਕਾਂ ਚੌੜੀਆਂ ਕਰਨ ਦੀ ਜਰੂਰਤ ਹੈ ਕਿਉਕਿ ਆਬਾਦੀ ਬੜੀ ਤੇਜੀ ਨਾਲ ਵੱਧ ਰਹੀ ਹੈ।
ਆਗੂਆਂ ਨੇ ਬਿਲਡਰਾਂ ਅਤੇ ਗਮਾਡਾ/ਪੁੱਡਾ ਦੀਆਂ ਮਨ-ਮਾਨੀਆਂ ਨੂੰ ਠੱਲ ਪੈਣ ਤੇ ਖੁੱਸ਼ੀ ਦਾ ਪ੍ਰਗਟਾਵਾ ਕਰਦਿਆਂ ਈ.ਡੀ ਦੀ ਇਸ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ ਹੈ ਅਤੇ ਆਗੂਆਂ ਨੂੰ ਇਹ ਵੀ ਉਮੀਦ ਹੈ ਕਿ ਈ.ਡੀ ਦੇ ਅਧਿਕਾਰੀ ਲੋਕਾਂ ਨੂੰ ਜਰੂਰ ਇਨਸਾਫ ਦੇਣਗੇ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ।







