- ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਦੀਵਾਲੀ ਦਾ ਤੋਹਫ਼ਾ, ਮਹਿੰਗਾਈ ਭੱਤੇ ’ਚ 3% ਵਾਧਾ
- DA ਵਧ ਕੇ 63% ਹੋਇਆ
- 1 ਜੁਲਾਈ 2026 ਤੋਂ ਮਿਲੇਗਾ ਲਾਭ
- ਜੁਲਾਈ ਤੋਂ ਸਤੰਬਰ ਤੱਕ ਦਾ ਬਕਾਇਆ ਵੀ ਮਿਲਣ ਦੀ ਉਮੀਦ
ਚੰਡੀਗੜ੍ਹ, 28 ਅਕਤੂਬਰ (ਦੇਸ਼ ਕਲਿੱਕ ਬਿਊਰੋ): ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫ਼ਾ ਦਿੱਤਾ ਹੈ। ਬੁੱਧਵਾਰ, 28 ਅਕਤੂਬਰ ਨੂੰ ਕੇਂਦਰੀ ਕੈਬਨਿਟ ਨੇ ਮਹਿੰਗਾਈ ਭੱਤੇ (DA) ਵਿੱਚ 3 ਫ਼ੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ। ਇਸ ਫ਼ੈਸਲੇ ਨਾਲ ਲਗਭਗ 48 ਲੱਖ ਕੇਂਦਰੀ ਮੁਲਾਜ਼ਮਾਂ ਅਤੇ 68 ਲੱਖ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਵਾਧੇ ਤੋਂ ਬਾਅਦ ਮਹਿੰਗਾਈ ਭੱਤਾ 60 ਫ਼ੀਸਦੀ ਤੋਂ ਵਧ ਕੇ 63 ਫ਼ੀਸਦੀ ਹੋ ਜਾਵੇਗਾ। ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ। ਸਰਕਾਰ ਇਸ ਵਾਧੇ ’ਤੇ ਲਗਭਗ 10,000 ਕਰੋੜ ਰੁਪਏ ਖ਼ਰਚ ਕਰੇਗੀ। ਜੁਲਾਈ ਤੋਂ ਸਤੰਬਰ ਤੱਕ ਦੇ ਬਕਾਏ ਦੀ ਅਦਾਇਗੀ ਵੀ ਕੀਤੀ ਜਾਵੇਗੀ।
ਤਨਖ਼ਾਹ ਵਿੱਚ ਕਿੰਨਾ ਵਾਧਾ ਹੋਵੇਗਾ?
ਮਹਿੰਗਾਈ ਭੱਤੇ ਵਿੱਚ ਵਾਧੇ ਦਾ ਲਾਭ ਮੁਲਾਜ਼ਮਾਂ ਦੀ ਬੇਸਿਕ ਤਨਖ਼ਾਹ ਦੇ ਆਧਾਰ ’ਤੇ ਤੈਅ ਹੋਵੇਗਾ।
18,000 ਰੁਪਏ ਬੇਸਿਕ ਤਨਖ਼ਾਹ: 3 ਫ਼ੀਸਦੀ ਵਾਧੇ ਨਾਲ ਹਰ ਮਹੀਨੇ 540 ਰੁਪਏ ਦਾ ਵਾਧਾ ਹੋਵੇਗਾ।
56,100 ਰੁਪਏ ਬੇਸਿਕ ਤਨਖ਼ਾਹ: ਹਰ ਮਹੀਨੇ ਲਗਭਗ 1,683 ਰੁਪਏ ਵੱਧ ਮਿਲਣਗੇ।
ਪੈਨਸ਼ਨਰਾਂ ਲਈ ਮਹਿੰਗਾਈ ਰਾਹਤ (DR) ਵਿੱਚ ਵੀ ਇਸੇ ਅਨੁਸਾਰ ਵਾਧਾ ਹੋਵੇਗਾ, ਜੋ ਬੇਸਿਕ ਪੈਨਸ਼ਨ ਦੇ ਆਧਾਰ ’ਤੇ ਗਿਣਿਆ ਜਾਂਦਾ ਹੈ।
ਸਾਲ ਵਿੱਚ ਦੋ ਵਾਰ ਹੁੰਦਾ ਹੈ ਭੱਤੇ ਦਾ ਸੋਧ
ਕੇਂਦਰ ਸਰਕਾਰ ਆਮ ਤੌਰ ’ਤੇ ਹਰ ਸਾਲ ਜਨਵਰੀ ਅਤੇ ਜੁਲਾਈ ਤੋਂ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀਆਂ ਦਰਾਂ ਵਿੱਚ ਸੋਧ ਕਰਦੀ ਹੈ। ਇਸ ਲਈ ਮਹਿੰਗਾਈ ਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸਰਕਾਰ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ—ਇੰਡਸਟਰੀਅਲ ਵਰਕਰਜ਼ (AICPI-IW) ਦੇ ਅੰਕੜਿਆਂ ਦੇ ਆਧਾਰ ’ਤੇ ਮਹਿੰਗਾਈ ਦਾ ਮੁਲਾਂਕਣ ਕਰਦੀ ਹੈ।
ਮਹਿੰਗਾਈ ਭੱਤਾ ਸਰਕਾਰੀ ਮੁਲਾਜ਼ਮਾਂ ਨੂੰ ਵਧਦੀ ਮਹਿੰਗਾਈ ਦੇ ਪ੍ਰਭਾਵ ਤੋਂ ਕੁਝ ਰਾਹਤ ਦੇਣ ਲਈ ਦਿੱਤਾ ਜਾਂਦਾ ਹੈ। ਇਹ ਬੇਸਿਕ ਤਨਖ਼ਾਹ ਦੇ ਪ੍ਰਤੀਸ਼ਤ ਵਜੋਂ ਮਿਲਦਾ ਹੈ, ਜਦਕਿ ਪੈਨਸ਼ਨਰਾਂ ਨੂੰ ਬੇਸਿਕ ਪੈਨਸ਼ਨ ’ਤੇ ਮਹਿੰਗਾਈ ਰਾਹਤ ਦਿੱਤੀ ਜਾਂਦੀ ਹੈ।







