ਖੇਤੀਬਾੜੀ ਵਿਭਾਗ ਵੱਲੋਂ ਅਣ-ਅਧਿਕਾਰਤ ਗੋਦਾਮ ਕੀਤਾ ਗਿਆ ਸੀਲ, FIR ਦਰਜ

Top Trending News ਪੰਜਾਬ
  • ਖੇਤੀਬਾੜੀ ਵਿਭਾਗ ਵੱਲੋਂ ਅਣ-ਅਧਿਕਾਰਤ ਗੋਦਾਮ ਕੀਤਾ ਗਿਆ ਸੀਲ, FIR ਦਰਜ

ਬਠਿੰਡਾ, 29 ਅਕਤੂਬਰ (ਦੇਸ਼ ਕਲਿੱਕ ਬਿਊਰੋ): ਗੁਪਤ ਸੂਚਨਾ ਦੇ ਆਧਾਰ ‘ਤੇ ਖੇਤੀਬਾੜੀ ਵਿਭਾਗ ਦੀ ਇੱਕ ਟੀਮ ਵੱਲੋਂ ਬਲਾਕ ਨਥਾਣਾ ਦੇ ਭੁੱਚੋ ਮੰਡੀ ਵਿਖੇ ਮੈਸ.ਐੱਸ.ਆਰ. ਗੋਇਲ ਟਰੇਡਿੰਗ ਨਾਲ ਸਬੰਧਤ ਇਕ ਅਣ-ਅਧਿਕਾਰਤ ਗੋਦਾਮ ਦੀ ਚੈਕਿੰਗ ਕੀਤੀ ਗਈ ਅਤੇ ਉਸ ਨੂੰ ਸੀਲ ਕਰਕੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰਪ੍ਰੀਤ ਪਾਲ ਕੌਰ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੇਖਿਆ ਗਿਆ ਕਿ ਉਕਤ ਅਣ-ਅਧਿਕਾਰਤ ਗੋਦਾਮ ਵਿੱਚ ਕਾਫੀ ਮਾਤਰਾ ਵਿੱਖ ਖਾਦਾਂ ਅਤੇ ਕੀੜੇਮਾਰ ਦਵਾਈਆਂ ਸਟੋਰ ਕਰਕੇ ਰੱਖੀਆਂ ਗਈਆ ਸਨ। ਇਸ ਤੋਂ ਇਲਾਵਾ ਗੁਦਾਮ ਵਿੱਚ ਚਿੱਟੇ ਰੰਗ ਦੇ ਥੈਲਿਆਂ ਵਿੱਚ ਕੋਈ ਪਦਾਰਥ ਸਟੋਰ ਕਰਕੇ ਰੱਖਿਆ ਗਿਆ ਸੀ ਅਤੇ ਮੌਕੇ ਤੋਂ ਕਈ ਨਾਮੀ ਕੰਪਨੀਆਂ ਦੇ ਛਪੇ ਹੋਏ ਅਣਵਰਤੇ ਥੈਲੇ ਵੀ ਬਰਾਮਦ ਕੀਤੇ ਗਏ ਜੋ ਕਿ ਸ਼ੱਕੀ ਜਾਪ ਰਹੇ ਹਨ। ਇਸ ਸਬੰਧ ਵਿੱਚ ਮੈਸ.ਐੱਸ.ਆਰ. ਗੋਇਲ ਟਰੇਡਿੰਗ ਦੇ ਨੁਮਾਇੰਦੇ ਵੱਲੋਂ ਉਕਤ ਖਾਦਾਂ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਵਿਭਾਗ ਦੇ ਅਧਿਕਾਰੀਆਂ ਪਾਸ ਪੇਸ਼ ਨਹੀਂ ਕੀਤਾ ਗਿਆ।

ਇਸ ਆਧਾਰ ‘ਤੇ ਕਾਰਵਾਈ ਕਰਦੇ ਹੋਏ ਮਿਤੀ 28.10.2026 ਨੂੰ ਗੋਦਾਮ ਨੂੰ ਸੀਲ ਕਰਨ ਉਪਰੰਤ ਸਬੰਧਤ ਫਰਮ ਖਿਲਾਫ ਐਫ.ਆਈ.ਆਰ. ਨੰਬਰ 0275 ਮਿਤੀ 29-10-2026 ਦਰਜ ਕਰਵਾ ਦਿੱਤੀ ਗਈ ਹੈ। ਅਣ-ਅਧਿਕਾਰਤ ਗੁਦਾਮ ਵਿੱਚ ਪਈਆਂ ਖਾਦਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ, ਜੋ ਕਿ ਸਬੰਧਤ ਲੈਬਾਰਟਰੀਆਂ ਨੂੰ ਪਹਿਲ ਦੇ ਆਧਾਰ ‘ਤੇ ਟੈਸਟ ਕਰਨ ਸਬੰਧੀ ਭੇਜ ਦਿੱਤੇ ਜਾਣਗੇ ਅਤੇ ਜੇਕਰ ਕੋਈ ਸੈਂਪਲ ਫੇਲ੍ਹ ਪਾਇਆ ਜਾਂਦਾ ਹੈ ਤਾਂ ਫਰਮ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।