ਦਿੱਲੀ ’ਚ ਏਅਰ ਫੋਰਸ ਸਪੋਰਟਸ ਕੰਪਲੈਕਸ ਬੰਦ, ਏਅਰ ਚੀਫ ਮਾਰਸ਼ਲ ਏਪੀ ਸਿੰਘ ਦਾ ਵਿਦਾਇਗੀ ਗੋਲਫ਼ ਸਮਾਗਮ ਰੱਦ

ਦਿੱਲੀ

 

ਦਿੱਲੀ ’ਚ ਏਅਰ ਫੋਰਸ ਸਪੋਰਟਸ ਕੰਪਲੈਕਸ ਬੰਦ, ਏਅਰ ਚੀਫ ਮਾਰਸ਼ਲ ਏਪੀ ਸਿੰਘ ਦਾ ਵਿਦਾਇਗੀ ਗੋਲਫ਼ ਸਮਾਗਮ ਰੱਦ

ਨਵੀਂ ਦਿੱਲੀ, 29 ਅਕਤੂਬਰ 2026: ਦਿੱਲੀ ਦੇ ਲੋਕ ਕਲਿਆਣ ਮਾਰਗ ਸਥਿਤ ਏਅਰ ਫੋਰਸ ਸਪੋਰਟਸ ਕੰਪਲੈਕਸ ਨੂੰ 28 ਅਕਤੂਬਰ ਤੋਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਕਾਰਨ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਦੇ ਸਨਮਾਨ ਵਿੱਚ ਹੋਣ ਵਾਲਾ ਵਿਦਾਇਗੀ ਗੋਲਫ਼ ਸਮਾਗਮ ਵੀ ਰੱਦ ਹੋ ਗਿਆ ਹੈ। ਉਹ 31 ਅਕਤੂਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ।

ਜਾਣਕਾਰੀ ਅਨੁਸਾਰ, ਕੰਪਲੈਕਸ ਦੇ ਮੈਂਬਰਾਂ ਨੂੰ ਪਹਿਲਾਂ ਹੀ ਸੁਨੇਹੇ ਭੇਜ ਕੇ ਬੰਦ ਕਰਨ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਇਸ ਕੰਪਲੈਕਸ ਵਿੱਚ ਗੋਲਫ਼ ਕੋਰਸ, ਸਵਿਮਿੰਗ ਪੂਲ ਅਤੇ ਰੈਸਟੋਰੈਂਟ ਵਰਗੀਆਂ ਸਹੂਲਤਾਂ ਹਨ। ਇੱਥੇ ਹਵਾਈ ਸੈਨਾ ਦੇ ਅਧਿਕਾਰੀ ਆਉਂਦੇ ਹਨ।

ਇਹ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ ਇਸ ਜ਼ਮੀਨ ਨੂੰ ਵਾਪਸ ਲੈਣਾ ਚਾਹੁੰਦਾ ਹੈ। ਸੂਤਰਾਂ ਮੁਤਾਬਕ, ਸਰਕਾਰ ਨੇ ਗੋਲਫ਼ ਕੋਰਸ ਵਾਲੀ ਜ਼ਮੀਨ ਦਾ ਕਬਜ਼ਾ ਆਪਣੇ ਹੱਥਾਂ ਵਿੱਚ ਲੈ ਲਿਆ ਹੈ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦਿੱਲੀ ਜਿਮਖਾਨਾ ਕਲੱਬ ਅਤੇ ਜੈਪੁਰ ਪੋਲੋ ਗਰਾਊਂਡ ਨਾਲ ਸਬੰਧਤ ਜ਼ਮੀਨਾਂ ਬਾਰੇ ਵੀ ਕਾਰਵਾਈ ਕਰ ਚੁੱਕੀ ਹੈ। ਦਿੱਲੀ ਜਿਮਖਾਨਾ ਕਲੱਬ ਨੇ ਸਰਕਾਰ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ।

ਏਅਰ ਫੋਰਸ ਸਪੋਰਟਸ ਕੰਪਲੈਕਸ ਬੰਦ ਹੋਣ ਨਾਲ ਜਿੱਥੇ ਖੇਡ ਸਹੂਲਤਾਂ ਪ੍ਰਭਾਵਿਤ ਹੋਣਗੀਆਂ, ਉੱਥੇ ਹੀ ਹਵਾਈ ਸੈਨਾ ਮੁਖੀ ਦਾ ਰਵਾਇਤੀ ਵਿਦਾਇਗੀ ਸਮਾਗਮ ਵੀ ਨਹੀਂ ਹੋ ਸਕੇਗਾ।