Breaking- ਕਾਂਗਰਸ ਦੇ ਅਭਿਜੀਤ ਵੰਜਾਰੀ ਦੀ ਜਿੱਤ, ਨਾਗਪੁਰ ਗ੍ਰੈਜੂਏਟ ਸੀਟ ’ਤੇ ਦੂਜੀ ਵਾਰ ਜਿੱਤ ਦਰਜ
ਮੁੰਬਈ, 29 ਅਕਤੂਬਰ 2026: ਮਹਾਰਾਸ਼ਟਰ ਦੀ ਸਿਆਸਤ ਵਿੱਚ ਕਾਂਗਰਸ ਦੇ ਅਭਿਜੀਤ ਵੰਜਾਰੀ ਨੇ ਨਾਗਪੁਰ ਗ੍ਰੈਜੂਏਟ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਸੁਧਾਕਰ ਕੋਹਲੇ ਨੂੰ ਹਰਾਇਆ। ਇਸ ਜਿੱਤ ਨਾਲ ਵੰਜਾਰੀ ਨੇ ਇਸ ਸੀਟ ’ਤੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕਰਨ ਦਾ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਉਹ 2020 ਵਿੱਚ ਵੀ ਇਸੇ ਹਲਕੇ ਤੋਂ ਚੋਣ ਜਿੱਤੇ ਸਨ।
ਪੇਸ਼ੇ ਤੋਂ ਵਕੀਲ ਅਭਿਜੀਤ ਵੰਜਾਰੀ ਦਾ ਸਬੰਧ ਨਾਗਪੁਰ ਦੇ ਸਿਆਸੀ ਪਰਿਵਾਰ ਨਾਲ ਹੈ। ਉਨ੍ਹਾਂ ਦੇ ਪਿਤਾ ਗੋਵਿੰਦਰਾਓ ਮਾਰੋਤਰਾਓ ਵੰਜਾਰੀ ਦੱਖਣੀ ਨਾਗਪੁਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਪਿਤਾ ਤੋਂ ਪ੍ਰੇਰਿਤ ਹੋ ਕੇ ਵੰਜਾਰੀ ਨੇ ਵੀ ਸਿਆਸਤ ਵਿੱਚ ਆਪਣੀ ਪਛਾਣ ਬਣਾਈ।
ਉਨ੍ਹਾਂ ਨੇ ਰਾਸ਼ਟਰਸੰਤ ਤੁਕੜੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ ਤੋਂ ਬੀਏ ਅਤੇ ਐੱਲਐੱਲਬੀ ਦੀ ਪੜ੍ਹਾਈ ਕੀਤੀ। ਉਹ ਯੂਨੀਵਰਸਿਟੀ ਦੀ ਸੈਨੇਟ ਅਤੇ ਪ੍ਰਬੰਧਕੀ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਹਨ।
ਵੰਜਾਰੀ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਵਿਦਿਆਰਥੀ ਸਿਆਸਤ ਤੋਂ ਕੀਤੀ ਸੀ। ਉਹ 1998 ਤੋਂ 2002 ਤੱਕ ਮਹਾਰਾਸ਼ਟਰ ਪ੍ਰਦੇਸ਼ ਐੱਨਐੱਸਯੂਆਈ ਦੇ ਜਨਰਲ ਸਕੱਤਰ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਯੂਥ ਕਾਂਗਰਸ ਵਿੱਚ ਵੀ ਜ਼ਿੰਮੇਵਾਰੀਆਂ ਨਿਭਾਈਆਂ। ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਕਾਂਗਰਸ ਦੇ ਚੋਣ ਨਿਗਰਾਨ ਵਜੋਂ ਵੀ ਕੰਮ ਕਰ ਚੁੱਕੇ ਹਨ।







