ਪੰਜਾਬ ਪੁਲਿਸ ਦੀ ਕਾਰਵਾਈ: ਫਰੀਦਾਬਾਦ ਤੋਂ ‘ਅਲੀ’ ਗ੍ਰਿਫ਼ਤਾਰ, ਜਲਾਲਾਬਾਦ ਗ੍ਰਨੇਡ ਹਮਲੇ ਦਾ ਮਾਸਟਰਮਾਈਂਡ ਹੋਣ ਦਾ ਸ਼ੱਕ
ਚੰਡੀਗੜ੍ਹ, 29 ਅਕਤੂਬਰ 2026: ਪੰਜਾਬ ਵਿੱਚ ਕਥਿਤ ਅੱਤਵਾਦੀ ਗਤੀਵਿਧੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਤੋਂ ਕੁਲਵੰਤ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਮੁਲਜ਼ਮ ਦੇ ਪਾਕਿਸਤਾਨੀ ਖੁਫੀਆ ਏਜੰਸੀ ISI ਅਤੇ ਕਥਿਤ ਅੱਤਵਾਦੀ ਸ਼ਹਿਜ਼ਾਦ ਭੱਟੀ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੋਏ ਹੈਂਡ ਗ੍ਰੇਨੇਡ ਹਮਲੇ ਦਾ ਕਥਿਤ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ।
ਪੁਲਿਸ ਮੁਤਾਬਕ, ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਕੁਲਵੰਤ ਅਲੀ ਦਾ ਨਾਮ 13 ਸਤੰਬਰ 2026 ਨੂੰ ਜਲਾਲਾਬਾਦ ਸਿਟੀ ਥਾਣਾ ਖੇਤਰ ਵਿੱਚ ਹੋਏ ਗ੍ਰਨੇਡ ਹਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਸਨ। ਮਿਲੇ ਸੁਰਾਗਾਂ ਦੇ ਆਧਾਰ ’ਤੇ ਫਾਜ਼ਿਲਕਾ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਫਰੀਦਾਬਾਦ ਤੋਂ ਕਾਬੂ ਕਰ ਲਿਆ।
ਜਾਂਚ ਏਜੰਸੀਆਂ ਅਨੁਸਾਰ, ਮੁਲਜ਼ਮ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਅੱਠ ਕਿਲੋਗ੍ਰਾਮ ਆਰਡੀਐਕਸ ਦੀ ਬਰਾਮਦਗੀ ਨਾਲ ਸਬੰਧਤ ਮਾਮਲੇ ਵਿੱਚ ਵੀ ਲੋੜੀਂਦਾ ਦੱਸਿਆ ਜਾ ਰਿਹਾ ਹੈ।
ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਉਸ ਦੇ ਸੰਭਾਵਿਤ ਸੰਪਰਕਾਂ, ਹਥਿਆਰਾਂ ਦੀ ਸਪਲਾਈ ਅਤੇ ਸਰਹੱਦ ਪਾਰੋਂ ਚੱਲ ਰਹੇ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਜਾਂਚ ਦੇ ਅਗਲੇ ਪੜਾਅ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।







