CM ਮਾਨ ਦੇ ਦੌਰੇ ਤੋਂ ਪਹਿਲਾਂ ਕਿਸਾਨ ਆਗੂ ਲਏ ਹਿਰਾਸਤ ’ਚ!
ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੌੜਾਂ ਪਿੰਡ ਦੇ ਦੌਰੇ ਦੌਰਾਨ ਸਵਾਲ ਪੁੱਛਣ ਲਈ ਇਕੱਠੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਇੱਕ ਦਰਜਨ ਤੋਂ ਵੱਧ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਮਹਿਲਾਂ ਚੌਂਕ ਤੋਂ ਹਿਰਾਸਤ ਵਿੱਚ ਲੈ ਕੇ ਥਾਣਾ ਛਾਜਲੀ ਵਿਖੇ ਭੇਜ ਦਿੱਤਾ ਗਿਆ।
ਹਿਰਾਸਤ ਵਿੱਚ ਲਏ ਗਏ ਕਿਸਾਨਾਂ ਵਿੱਚ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਤੋਂ ਇਲਾਵਾ ਕੇਵਲ ਸਿੰਘ ਜਵੰਧਾ, ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਰਾਮਫਲ ਸਿੰਘ ਜਲੂਰ, ਮੇਜਰ ਸਿੰਘ ਸੁਰਜਣ ਭੈਣੀ, ਬਿੰਦਰ ਸਿੰਘ ਮਹਿਲਾਂ, ਦਰਸ਼ਨ ਸਿੰਘ ਮਹਿਲਾਂ ਅਤੇ ਹੋਰ ਕਿਸਾਨ ਸ਼ਾਮਲ ਸਨ। ਇਸ ਕਾਰਵਾਈ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਕਿਸਾਨ ਆਗੂ ਰਣ ਸਿੰਘ ਚੱਠਾ ਨੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਖੁਦ ਲੋਕਾਂ ਨੂੰ ਸਿਆਸੀ ਆਗੂਆਂ ਤੋਂ ਸਵਾਲ ਪੁੱਛਣ ਲਈ ਪ੍ਰੇਰਿਤ ਕਰਦੇ ਸਨ, ਪਰ ਹੁਣ ਕਿਸਾਨਾਂ ਨੂੰ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਲੋਕਾਂ ਦੇ ਮਸਲੇ ਸਰਕਾਰ ਸਾਹਮਣੇ ਰੱਖਣਾ ਚਾਹੁੰਦੀਆਂ ਹਨ।







