- ਮਾਨਸਾ ਦੇ SSP ਖਿਲਾਫ ਮਾਣਹਾਨੀ ਦੀ ਕਾਰਵਾਈ ਆਰੰਭੀ ਜਾਵੇ: ਹਰਸਿਮਰਤ ਬਾਦਲ ਨੇ ਲੋਕ ਸਭਾ ਦੇ ਸਪੀਕਰ ਨੂੰ ਕੀਤੀ ਅਪੀਲ
- ਐਸ ਐਸ ਪੀ ਨਾਲ ਹੋਈ ਗੱਲਬਾਤ ਦੇ ਵੇਰਵੇ ਦੇ ਕੇ ਦੱਸਿਆ ਕਿਵੇਂ ਉਹਨਾਂ ਨੇ ਬਤੌਰ ਐਮ ਪੀ ਉਹਨਾਂ ਨੂੰ ਫਰਜ਼ ਨਿਭਾਉਣ ਤੋਂ ਰੋਕਿਆ
- ਨਸ਼ਿਆਂ ਕਾਰਨ ਹੋਈ ਦਲਜੀਤ ਸਿੰਘ ਦੀ ਮੌਤ ਮਗਰੋਂ ਉਸਦੇ ਘਰ ਜਾਣ, ਉਸਦੀ ਲਾਸ਼ ਪਰਿਵਾਰ ਕੋਲੋਂ ਧੱਕੇ ਨਾਲ ਖੋਹਣ ਦੇ ਵੇਰਵੇ ਦੱਸੇ
ਚੰਡੀਗੜ੍ਹ, 31 ਅਕਤੂਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੂੰ ਅਪੀਲ ਕੀਤੀ ਕਿ ਮਾਨਸਾ ਦੇ ਐਸ ਐਸ ਪੀ ਵੈਭਵ ਚੌਧਰੀ ਦੇ ਖਿਲਾਫ ਸਦਨ ਦੀ ਮਾਣਹਾਨੀ ਦੀ ਕਾਰਵਾਈ ਆਰੰਭ ਕਰਨ ਕਿਉਂਕਿ ਉਹਨਾਂ ਨੇ ਬਤੌਰ ਐਮ ਪੀ ਉਹਨਾਂ ਦੇ ਕੰਮ ਵਿਚ ਵਿਘਨ ਪਾਇਆ ਹੈ।
ਬਠਿੰਡਾ ਦੇ ਐਮ ਪੀ ਜਿਹਨਾਂ ਨੇ ਅੱਜ ਨਿਯਮ 223 ਦੇ ਤਹਿਤ ਸਪੀਕਲਰ ਨੂੰ ਪੱਤਰ ਲਿਖ ਕੇ ਨੋਟਿਸ ਦਿੱਤਾ, ਨੇ ਕਿਹਾ ਕਿ ਉਹਨਾਂ ਦੇ ਨੋਟਿਸ ਨੂੰ ਸਦਨ ਦੀ ਮਾਣ ਮਰਿਆਦਾ ਦੀ ਹੱਤਕ ਇੱਜ਼ਤ ਦਾ ਮਾਮਲਾ ਸਮਝਿਆ ਜਾਵੇ ਅਤੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿਚ ਰਿਪੋਰਟ ਤਲਬ ਕੀਤੀ ਜਾਵੇ ਕਿ ਦਲਜੀਤ ਸਿੰਘ ਦੀ ਲਾਸ਼ ਨੂੰ ਪੁਲਿਸ ਵੱਲੋਂ ਪਰਿਵਾਰ ਤੋਂ ਜ਼ਬਰੀ ਕਿਉਂ ਖੋਹਿਆ ਗਿਆ। ਉਹਨਾਂ ਨੇ ਸਬੰਧਤ ਐਫ ਆਈ ਆਰ ਸਮੇਤ ਸਾਰੇ ਸਬੰਧਤ ਰਿਕਾਰਡ ਨੂੰ ਤਲਬ ਕਰਨ ਦੀ ਵੀ ਬੇਨਤੀ ਕੀਤੀ ਜਿ ਵਿਚ ਪੋਸਟ ਮਾਰਟਮ ਦੇ ਵੇਰਵੇ ਅਤੇ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਦਾ ਥਹੁ ਪਤਾ ਵੀ ਸ਼ਾਮਲ ਹੈ ਜਿਸਨੂੰ ਮਾਨਸਾ ਪੁਲਿਸ ਨੇ ਹਿਰਾਸਤ ਵਿਚ ਲਿਆ।
ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ 29 ਅਕਤੂਬਰ ਨੂੰ ਵੈਭਵ ਚੌਧਰੀ ਨਾਲ ਹੋਈ ਗੱਲਬਾਤ ਦੇ ਵੇਰਵੇ ਵੀ ਸਪੀਕਰ ਕੋਲ ਪੇਸ਼ ਕੀਤੇ, ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਅਫਸਰ ਨੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਨਾਲ ਗੱਲਬਾਤ ਦੌਰਾਨ ਅਫਸਰ ਨੇ ਵਾਰ-ਵਾਰ ਉਹਨਾਂ ਨੂੰ ਟੋਕਿਆ ਤੇ ਉਹਨਾਂ ਨੂੰ ਗਲਤ ਬਿਰਤਾਂਤ ਸਿਰਜਣ ਤੇ ਗੁੰਮਰਾਹ ਹੋਣ ਦਾ ਦੋਸ਼ ਵੀ ਲਗਾਇਆ।
ਬਾਦਲ ਨੇ ਇਹ ਵੀ ਆਖਿਆ ਕਿ ਐਸ ਐਸ ਪੀ ਨੇ ਇਹ ਦਾਅਵਾ ਵੀ ਕੀਤਾ ਕਿ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਲਾਸ਼ ਆਪਣੇ ਕਬਜ਼ੇ ਵਿਚ ਲਈ ਸੀ ਤੇ ਇਹ ਵੀ ਕਿਹਾ ਕਿ ਪਰਿਵਾਰ ਲਾਸ਼ ਆਪ ਲਿਜਾ ਸਕਦੀ ਹੈ ਤੇ ਪੁਲਿਸ ਦਾ ਇਸ ਵਿਚ ਕੋਈ ਰੋਲ ਨਹੀਂ ਹੈ ਤੇ ਲਾਸ਼ ਏਮਜ਼ ਬਠਿੰਡਾ ਵਿਖੇ ਪਈ ਹੈ।
ਉਹਨਾਂ ਕਿਹਾ ਕਿ ਅਫਸਰ ਨੇ ਇਹ ਵੀ ਆਖਿਆ ਕਿ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਉਸ ਕੋਲ ਕੋਈ ਜਾਣਕਾਰੀ ਨਹੀਂ ਹੈ ਅਤੇ ਸਲਾਹ ਦਿੱਤੀ ਕਿ ਕੇਸ ਵਿਚ ਲਾਪਤਾ ਦੀ ਰਿਪੋਰਟ ਦਰਜ ਕਰਵਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਐਸ ਐਸ ਪੀ ਨੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਧੱਕੇ ਨਾਲ ਲੈ ਕੇ ਜਾਣ ਦਾ ਵੀ ਕੋਈ ਜਵਾਬ ਨਹੀਂ ਦਿੱਤਾ।
ਉਹਨਾਂ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਐਸ ਐਸ ਪੀ ਵੈਰਭ ਚੌਧਰੀ ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਦੀ ਪ੍ਰਵਾਨਗੀ ਦੇਣ ਤੇ ਉਹਨਾਂ ਨੂੰ ਦੱਸਿਆ ਕਿ ਦਲਜੀਤ ਸਿੰਘ ਜੋ ਕਿ ਅੰਸ਼ਕ ਕਿਸਾਨ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ। ਉਹਨਾਂ ਕਿਹਾ ਕਿ ਬਜਾਏ ਨਸ਼ਾ ਤਸਕਰਾਂ ਦੇ ਖਿਲਾਫ ਕੇਸ ਦਰਜ ਕਰਨ ਦੇ ਇਕ ਕਤਲ ਕੇਸ ਦਰਜ ਕੀਤਾ ਗਿਆ ਤੇ ਜਦੋਂ ਪੀੜਤ ਪਰਿਵਾਰ ਨੇ ਰੋਸ ਜ਼ਾਹਰ ਕੀਤਾ ਅਤੇ ਦਲਜੀਤ ਦੀ ਮ੍ਰਿਤਕ ਦੇਹ ਮਾਨਸਾ ਧਰਨੇ ਵਾਲੀ ਥਾਂ ਲਿਜਾਣ ਦੀ ਸੋਚੀ ਤਾਂ ਪੁਲਿਸ ਨੇ ਧੱਕੇਸ਼ਾਹੀ ਕੀਤੀ। ਉਹਨਾਂ ਕਿਹਾ ਕਿ ਨਾ ਸਿਰਫ ਪਰਿਵਾਰ ਕੋਲੋਂ ਦਲਜੀਤ ਦੀ ਮ੍ਰਿਤਕ ਦੇਹ ਖੋਹੀ ਗਈ ਬਲਕਿ ਉਸਦੇ ਪਿਤਾ ਜਰਨੈਲ ਸਿੰਘ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ।







