- ਦਲਜੀਤ ਸਿੰਘ ਦਾ ਪੀਜੀਆਈ ‘ਚ ਹੋਵੇਗਾ ਪੋਸਟਮਾਰਟਮ, ਚੰਡੀਗੜ੍ਹ ‘ਚ ਹੀ ਹੋਵੇਗਾ ਸਸਕਾਰ: ਹਾਈਕੋਰਟ
ਚੰਡੀਗੜ੍ਹ, 3 ਨਵੰਬਰ (ਦੇਸ਼ ਕਲਿੱਕ ਬਿਊਰੋ): ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮੌਤ ਮਾਮਲੇ ‘ਚ ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਪੈਦਾ ਹੋਏ ਵਿਵਾਦ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਬਠਿੰਡਾ ਤੋਂ ਚੰਡੀਗੜ੍ਹ ਸਥਿਤ ਪੀਜੀਆਈ ਲਿਆਂਦੀ ਜਾਵੇਗੀ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਰਿਪੋਰਟ 5 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ।
ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਕਿ ਦਲਜੀਤ ਸਿੰਘ ਦਾ ਪੋਸਟਮਾਰਟਮ ਪਹਿਲਾਂ ਹੀ ਏਮਜ਼ ਬਠਿੰਡਾ ਵਿੱਚ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਲਈ ਉਸ ਦੇ ਪਿਤਾ ਦੀ ਸਹਿਮਤੀ ਵੀ ਲਈ ਗਈ ਸੀ। ਸਰਕਾਰ ਦੇ ਵਕੀਲ ਨੇ ਇਹ ਵੀ ਕਿਹਾ ਕਿ ਪੁਲੀਸ ਮ੍ਰਿਤਕ ਦੇਹ ਲੈ ਕੇ ਭੱਜੀ ਨਹੀਂ ਸੀ, ਸਗੋਂ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਤੋਂ ਰੋਕਣ ਲਈ ਕਾਰਵਾਈ ਕੀਤੀ ਗਈ ਸੀ। ਇਸ ਸਬੰਧੀ ਸੀਸੀਟੀਵੀ ਫੁਟੇਜ ਮੌਜੂਦ ਹੋਣ ਦਾ ਦਾਅਵਾ ਵੀ ਕੀਤਾ ਗਿਆ। ਸਰਕਾਰੀ ਵਕੀਲ ਨੇ ਪਟੀਸ਼ਨਰ ਅਮਰਜੀਤ ਕੌਰ ਦੀ ਪਟੀਸ਼ਨ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਜਾਂ ਮਾਤਾ ਵੱਲੋਂ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਅਤੇ ਅਮਰਜੀਤ ਕੌਰ ਪਿਛਲੇ 16 ਸਾਲਾਂ ਤੋਂ ਪਰਿਵਾਰ ਤੋਂ ਵੱਖ ਰਹਿ ਰਹੀ ਹੈ।
ਪੋਸਟਮਾਰਟਮ ਰਿਪੋਰਟ ’ਚ 8 ਸੱਟਾਂ ਦਾ ਜ਼ਿਕਰ
ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਦਲਜੀਤ ਸਿੰਘ ਦੀ ਆਟੋਪਸੀ ਰਿਪੋਰਟ ਵਿੱਚ ਸਰੀਰ ’ਤੇ ਅੱਠ ਸੱਟਾਂ ਦਰਜ ਹਨ। ਇਸ ਮੌਕੇ ਹਾਈਕੋਰਟ ਨੇ ਕਿਹਾ ਕਿ ਹਰ ਮ੍ਰਿਤਕ ਦਾ ਸਨਮਾਨਜਨਕ ਢੰਗ ਨਾਲ ਅੰਤਿਮ ਸਸਕਾਰ ਕਰਨਾ ਉਸ ਦਾ ਅਧਿਕਾਰ ਹੈ। ਅਦਾਲਤ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਆਪਸੀ ਤਾਲਮੇਲ ਨਾਲ ਸਾਰੀ ਪ੍ਰਕਿਰਿਆ ਪੂਰੀ ਕਰਵਾਉਣ ਦੇ ਨਿਰਦੇਸ਼ ਦਿੱਤੇ।
ਅਦਾਲਤੀ ਹਦਾਇਤਾਂ ਮੁਤਾਬਕ ਪਰਿਵਾਰਕ ਮੈਂਬਰਾਂ ਨੂੰ ਪੁਲੀਸ ਸੁਰੱਖਿਆ ਹੇਠ ਚੰਡੀਗੜ੍ਹ ਦੇ ਸ਼ਮਸ਼ਾਨਘਾਟ ਲਿਜਾਇਆ ਜਾਵੇਗਾ। ਸਸਕਾਰ ਮੌਕੇ ਪਰਿਵਾਰ ਦੀ ਨਿੱਜਤਾ ਅਤੇ ਸਨਮਾਨ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਇਸ ਦੌਰਾਨ ਕਿਸੇ ਵੀ ਸਿਆਸੀ ਆਗੂ ਦੇ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼ਮਸ਼ਾਨਘਾਟ ਵਿੱਚ ਹੰਗਾਮਾ ਜਾਂ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
27 ਅਕਤੂਬਰ ਨੂੰ ਹੋਈ ਸੀ ਦਲਜੀਤ ਸਿੰਘ ਦੀ ਮੌਤ
ਜ਼ਿਕਰਯੋਗ ਹੈ ਕਿ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੀ 27 ਅਕਤੂਬਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਉਹ ਮ੍ਰਿਤਕ ਦੇਹ ਲੈ ਕੇ ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਸਨ, ਪਰ ਰਾਮਦਿੱਤੇਵਾਲਾ ਚੌਕ ਵਿਖੇ ਪੁਲੀਸ ਨੇ ਉਨ੍ਹਾਂ ਦਾ ਰਸਤਾ ਰੋਕ ਕੇ ਲਾਠੀਚਾਰਜ ਕੀਤਾ ਅਤੇ ਮ੍ਰਿਤਕ ਦੇਹ ਆਪਣੇ ਕਬਜ਼ੇ ਵਿੱਚ ਲੈ ਲਈ। ਇਸ ਘਟਨਾ ਤੋਂ ਬਾਅਦ ਵਿਵਾਦ ਵਧ ਗਿਆ ਸੀ ਅਤੇ ਮਾਮਲਾ ਹਾਈਕੋਰਟ ਪਹੁੰਚਿਆ।







