ਪਰਵਿੰਦਰ ਝੋਟੇ ਦਾ ਹੋਇਆ ਅੰਤਿਮ ਸਸਕਾਰ
ਮਾਨਸਾ, 8 ਨਵੰਬਰ 2026: ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟੇ ਦਾ ਅੱਜ ਦੀਵਾਲੀ ਵਾਲੇ ਦਿਨ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਪਰਿਵਾਰ ਅਤੇ ਸਮਰਥਕਾਂ ਵਿੱਚ ਗਮ ਅਤੇ ਰੋਸ ਦਾ ਮਾਹੌਲ ਦੇਖਣ ਨੂੰ ਮਿਲਿਆ। 26 ਦਿਨਾਂ ਬਾਅਦ ਹੋਏ ਇਸ ਅੰਤਿਮ ਸਸਕਾਰ ਦੇ ਨਾਲ ਹੀ ਮਾਮਲੇ ਨੂੰ ਲੈ ਕੇ ਇਨਸਾਫ਼ ਦੀ ਮੰਗ ਮੁੜ ਤੇਜ਼ ਹੋ ਗਈ ਹੈ।
ਇਸ ਮੌਕੇ ਪਰਵਿੰਦਰ ਦੇ ਪਿਤਾ ਭੀਮ ਸਿੰਘ ਨੇ ਪੰਜਾਬ ਸਰਕਾਰ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਪਿੱਛੇ ਸਿਆਸੀ ਸਾਜ਼ਿਸ਼ ਸੀ ਅਤੇ ਨਸ਼ਾ ਤਸਕਰਾਂ ਨੂੰ ਵੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਵਿਰੁੱਧ ਅਜੇ ਤੱਕ ਕਾਰਵਾਈ ਨਹੀਂ ਹੋਈ।
ਭੀਮ ਸਿੰਘ ਨੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਤੋਂ ਦਖ਼ਲ ਦੀ ਮੰਗ ਕਰਦਿਆਂ ਮਾਨਸਾ ਦੇ ਐੱਸਐੱਸਪੀ ਦਾ ਤੁਰੰਤ ਤਬਾਦਲਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਨਹੀਂ ਮਿਲਦੀ, ਪਰਿਵਾਰ ਦਾ ਸੰਘਰਸ਼ ਜਾਰੀ ਰਹੇਗਾ।





