ਪਾਕਿਸਤਾਨ ’ਚ ਮਹਿਲਾ ਟੀਵੀ ਐਂਕਰ ਦਾ ਗੋਲੀਆਂ ਮਾਰ ਕੇ ਕਤਲ, ਪਤੀ ਹਿਰਾਸਤ ’ਚ; ਫੋਰੈਂਸਿਕ ਜਾਂਚ ਸ਼ੁਰੂ

Top Trending News ਕੌਮਾਂਤਰੀ

 

ਪਾਕਿਸਤਾਨ ’ਚ ਮਹਿਲਾ ਟੀਵੀ ਐਂਕਰ ਦਾ ਗੋਲੀਆਂ ਮਾਰ ਕੇ ਕਤਲ, ਪਤੀ ਹਿਰਾਸਤ ’ਚ; ਫੋਰੈਂਸਿਕ ਜਾਂਚ ਸ਼ੁਰੂ

ਰਾਵਲਪਿੰਡੀ, 9 ਨਵੰਬਰ 2026: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਮਹਿਲਾ ਟੀਵੀ ਐਂਕਰ ਦੀ ਆਪਣੇ ਹੀ ਘਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕਾ ਦੀ ਪਛਾਣ ਰਾਬੀਆ ਅਹਸਾਨ ਵਜੋਂ ਹੋਈ ਹੈ, ਜੋ ਇੱਕ ਨਿੱਜੀ ਟੀਵੀ ਚੈਨਲ ਵਿੱਚ ਐਂਕਰ ਅਤੇ ਪ੍ਰੋਗਰਾਮ ਹੋਸਟ ਵਜੋਂ ਕੰਮ ਕਰਦੀ ਸੀ। ਪੁਲਿਸ ਨੇ ਮਾਮਲੇ ਵਿੱਚ ਉਸ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਰਾਵਲਪਿੰਡੀ ਦੇ ਗੁਲਸ਼ਨਬਾਦ ਇਲਾਕੇ ਵਿੱਚ ਵਾਪਰੀ। ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਰ ਦੀ ਜਾਂਚ ਕੀਤੀ। ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ।

ਸ਼ੱਕੀ ਹਥਿਆਰ ਵੀ ਪੁਲਿਸ ਨੇ ਕਬਜ਼ੇ ਵਿੱਚ ਲਿਆ ਹੈ। ਪੁਲਿਸ ਮੁਤਾਬਕ ਘਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਦਾਅਵਾ ਕੀਤਾ ਕਿ ਪਤੀ ਨੇ ਗੋਲੀ ਗਲਤੀ ਨਾਲ ਚੱਲਣ ਦੀ ਗੱਲ ਕਹੀ ਸੀ।

ਹਾਲਾਂਕਿ, ਪੁਲਿਸ ਵੱਲੋਂ ਇਸ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। ਰਾਬੀਆ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ। ਪਾਕਿਸਤਾਨ ਦੀ ਪਹਿਲੀ ਮਹਿਲਾ ਆਸਿਫ਼ਾ ਭੁੱਟੋ-ਜ਼ਰਦਾਰੀ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਹਿਨਾ ਜਾਵੇਦ ਦੇ ਪੁਰਾਣੇ ਕਤਲ ਮਾਮਲੇ ਦਾ ਵੀ ਜ਼ਿਕਰ ਕਰਦਿਆਂ ਔਰਤਾਂ ਦੀ ਸੁਰੱਖਿਆ ਅਤੇ ਜਵਾਬਦੇਹੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਫਿਲਹਾਲ ਰਾਬੀਆ ਦੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਅਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਹੋ ਸਕੇਗਾ।