- ਤੁਹਾਡੀ ਇੱਕ ਸੋਸ਼ਲ ਮੀਡੀਆ ਪੋਸਟ, ਹੈਕਰਾਂ ਲਈ ਹਜ਼ਾਰਾਂ ਸੁਰਾਗ !
- ਹੈਕਿੰਗ ਦੀ ਅਸਲ ਸ਼ੁਰੂਆਤ ਕੋਡਿੰਗ ਨਾਲ ਨਹੀਂ, ਸਾਡੀ ਸਾਂਝੀ ਕੀਤੀ ਜਾਣਕਾਰੀ ਨਾਲ ਹੁੰਦੀ ਹੈ !
ਆਮ ਤੌਰ ’ਤੇ ਜਦੋਂ ਵੀ ਅਸੀਂ ਹੈਕਿੰਗ ਜਾਂ ਸਾਈਬਰ ਹਮਲਿਆਂ ਬਾਰੇ ਸੁਣਦੇ ਹਾਂ, ਤਾਂ ਸਾਡੇ ਦਿਮਾਗ ਵਿੱਚ ਇੱਕ ਅਜਿਹੀ ਤਸਵੀਰ ਉੱਭਰਦੀ ਹੈ, ਜਿਸ ਵਿੱਚ ਕੋਈ ਵਿਅਕਤੀ ਹਨੇਰੇ ਕਮਰੇ ਵਿੱਚ ਬੈਠ ਕੇ ਲੈਪਟਾਪ ’ਤੇ ਤੇਜ਼ੀ ਨਾਲ ਕੋਡਿੰਗ ਕਰ ਰਿਹਾ ਹੁੰਦਾ ਹੈ। ਪਰ ਅਸਲੀਅਤ ਇਸ ਤੋਂ ਕਾਫ਼ੀ ਵੱਖਰੀ ਅਤੇ ਸੋਚਣ ਲਈ ਮਜਬੂਰ ਕਰਨ ਵਾਲੀ ਹੈ। ਕਿਸੇ ਵੀ ਪੇਸ਼ੇਵਰ ਸਾਈਬਰ ਹਮਲੇ ਦੀ ਸ਼ੁਰੂਆਤ ਲਾਜ਼ਮੀ ਤੌਰ ’ਤੇ ਕੋਡਿੰਗ ਜਾਂ ਹੈਕਿੰਗ ਟੂਲਜ਼ ਨਾਲ ਨਹੀਂ ਹੁੰਦੀ, ਸਗੋਂ ਇਸ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਪੜਾਅ ਜਾਣਕਾਰੀ ਇਕੱਠੀ ਕਰਨਾ ਹੁੰਦਾ ਹੈ।
ਇਸ ਪ੍ਰਕਿਰਿਆ ਨੂੰ ਸਾਈਬਰ ਸੁਰੱਖਿਆ ਦੀ ਭਾਸ਼ਾ ਵਿੱਚ OSINT (Open Source Intelligence) ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਇੰਟਰਨੈੱਟ ਅਤੇ ਹੋਰ ਜਨਤਕ ਸਰੋਤਾਂ ਤੋਂ ਉਪਲਬਧ ਜਾਣਕਾਰੀ ਇਕੱਠੀ ਕਰਨਾ ਅਤੇ ਉਸ ਦਾ ਵਿਸ਼ਲੇਸ਼ਣ ਕਰਨਾ। ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ, ਦਫ਼ਤਰਾਂ ਅਤੇ ਸੰਸਥਾਵਾਂ ਦੀਆਂ ਵੈੱਬਸਾਈਟਾਂ, ਕਰਮਚਾਰੀਆਂ ਦੀ ਜਾਣਕਾਰੀ, ਈਮੇਲ ਪਤੇ, ਨੌਕਰੀਆਂ ਦੇ ਇਸ਼ਤਿਹਾਰ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਰਗੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਕਿਸੇ ਸਾਈਬਰ ਅਪਰਾਧੀ ਲਈ ਮਹੱਤਵਪੂਰਨ ਜਾਣਕਾਰੀ ਬਣ ਸਕਦੀਆਂ ਹਨ।
ਉਦਹਾਰਣ ਵਜੋਂ, ਜੇਕਰ ਕੋਈ ਕਰਮਚਾਰੀ ਸੋਸ਼ਲ ਮੀਡੀਆ ’ਤੇ ਆਪਣੀ ਨਵੀਂ ਨੌਕਰੀ, ਦਫ਼ਤਰ ਦਾ ਨਾਮ, ਅਹੁਦਾ ਜਾਂ ਕੰਮ ਕਰਨ ਵਾਲੀ ਥਾਂ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕਰਦਾ ਹੈ, ਤਾਂ ਇਹ ਜਾਣਕਾਰੀ ਕਿਸੇ ਸਾਈਬਰ ਅਪਰਾਧੀ ਨੂੰ ਉਸ ਦੀ ਪਛਾਣ ਅਤੇ ਕੰਮਕਾਜ ਬਾਰੇ ਕਾਫ਼ੀ ਕੁਝ ਸਮਝਣ ਵਿੱਚ ਮਦਦ ਕਰ ਸਕਦੀ ਹੈ। ਇਸੇ ਤਰ੍ਹਾਂ, ਕਿਸੇ ਸੰਸਥਾ ਦੀ ਵੈੱਬਸਾਈਟ ’ਤੇ ਮੌਜੂਦ ਸੰਪਰਕ ਵੇਰਵੇ ਜਾਂ ਤਕਨੀਕੀ ਜਾਣਕਾਰੀ ਵੀ ਨਿਸ਼ਾਨਾ ਬਣਾਉਣ ਲਈ ਵਰਤੀ ਜਾ ਸਕਦੀ ਹੈ।
ਇੱਥੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਸੀਂ ਅਕਸਰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਨੂੰ ਬਿਨਾਂ ਸੋਚੇ-ਸਮਝੇ ਇੰਟਰਨੈੱਟ ’ਤੇ ਸਾਂਝਾ ਕਰ ਦਿੰਦੇ ਹਾਂ। ਸਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਵੱਖ-ਵੱਖ ਥਾਵਾਂ ’ਤੇ ਸਾਂਝੀਆਂ ਕੀਤੀਆਂ ਛੋਟੀਆਂ-ਛੋਟੀਆਂ ਜਾਣਕਾਰੀਆਂ ਨੂੰ ਜੋੜ ਕੇ ਸਾਡੇ ਬਾਰੇ ਇੱਕ ਪੂਰੀ ਤਸਵੀਰ ਤਿਆਰ ਕੀਤੀ ਜਾ ਸਕਦੀ ਹੈ। ਇਸੇ ਜਾਣਕਾਰੀ ਦੇ ਆਧਾਰ ’ਤੇ ਫਿਸ਼ਿੰਗ ਈਮੇਲਾਂ, ਫਰਜ਼ੀ ਫ਼ੋਨ ਕਾਲਾਂ, ਅਤੇ ਹੋਰ ਸਾਈਬਰ ਧੋਖਾਧੜੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਇਸ ਲਈ ਸਾਈਬਰ ਸੁਰੱਖਿਆ ਸਿਰਫ਼ ਐਂਟੀਵਾਇਰਸ ਸਾਫ਼ਟਵੇਅਰ ਲਗਾਉਣ, ਮਜ਼ਬੂਤ ਪਾਸਵਰਡ ਰੱਖਣ ਜਾਂ ਮਹਿੰਗੇ ਸੁਰੱਖਿਆ ਸਿਸਟਮ ਖਰੀਦਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਇਸ ਦੀ ਸ਼ੁਰੂਆਤ ਸਾਡੀ ਆਪਣੀ ਜਾਗਰੂਕਤਾ ਅਤੇ ਡਿਜੀਟਲ ਵਿਹਾਰ ਤੋਂ ਹੋਣੀ ਚਾਹੀਦੀ ਹੈ। ਹਰ ਵਿਅਕਤੀ ਅਤੇ ਸੰਸਥਾ ਨੂੰ ਸਮੇਂ-ਸਮੇਂ ’ਤੇ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਇੰਟਰਨੈੱਟ ’ਤੇ ਉਨ੍ਹਾਂ ਬਾਰੇ ਕਿਹੜੀ ਜਾਣਕਾਰੀ ਜਨਤਕ ਤੌਰ ’ਤੇ ਉਪਲਬਧ ਹੈ ਅਤੇ ਕੀ ਉਸ ਜਾਣਕਾਰੀ ਦੀ ਕਿਸੇ ਵੀ ਤਰੀਕੇ ਨਾਲ ਦੁਰਵਰਤੋਂ ਹੋ ਸਕਦੀ ਹੈ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੀਆਂ ਪ੍ਰਾਈਵੇਸੀ ਸੈਟਿੰਗਾਂ ਦੀ ਸਮੀਖਿਆ ਕਰਨੀ, ਅਣਜਾਣ ਲਿੰਕਾਂ ’ਤੇ ਕਲਿੱਕ ਕਰਨ ਤੋਂ ਬਚਣਾ, ਨਿੱਜੀ ਜਾਣਕਾਰੀ ਸਾਂਝੀ ਕਰਨ ਵੇਲੇ ਸਾਵਧਾਨ ਰਹਿਣਾ ਅਤੇ ਹਰ ਖਾਤੇ ਲਈ ਮਜ਼ਬੂਤ ਤੇ ਵੱਖਰਾ ਪਾਸਵਰਡ ਵਰਤਣਾ ਵੀ ਬਹੁਤ ਜ਼ਰੂਰੀ ਹੈ। ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਲਈ ਸਾਈਬਰ ਸੁਰੱਖਿਆ ਸਬੰਧੀ ਸਿਖਲਾਈ ਅਤੇ ਨਿਯਮਤ ਸੁਰੱਖਿਆ ਜਾਂਚ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ।
ਅੰਤ ਵਿੱਚ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਡਿਜੀਟਲ ਦੁਨੀਆ ਵਿੱਚ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਕਈ ਵਾਰ ਸਾਡੀ ਆਪਣੀ ਲਾਪਰਵਾਹੀ ਹੁੰਦੀ ਹੈ। ਹੈਕਿੰਗ ਹਮੇਸ਼ਾ ਕਿਸੇ ਤਕਨੀਕੀ ਕਮਜ਼ੋਰੀ ਰਾਹੀਂ ਹੀ ਨਹੀਂ ਹੁੰਦੀ, ਕਈ ਵਾਰ ਇਹ ਸਾਡੇ ਵੱਲੋਂ ਖੁਦ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਵੀ ਸ਼ੁਰੂ ਹੋ ਸਕਦੀ ਹੈ। ਯਾਦ ਰੱਖੋ, ਸਾਈਬਰ ਸੁਰੱਖਿਆ ਦੀ ਪਹਿਲੀ ਕੰਧ ਕੋਈ ਸਾਫ਼ਟਵੇਅਰ ਨਹੀਂ, ਸਗੋਂ ਸਾਡੀ ਜਾਗਰੂਕਤਾ ਹੈ। ਇੰਟਰਨੈੱਟ ’ਤੇ ਹਰ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ, ਕਿਉਂਕਿ ਡਿਜੀਟਲ ਦੁਨੀਆ ਵਿੱਚ ਤੁਹਾਡੀ ਜਾਣਕਾਰੀ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਵੀ ਹੋ ਸਕਦੀ ਹੈ ਅਤੇ ਸਭ ਤੋਂ ਵੱਡੀ ਕਮਜ਼ੋਰੀ ਵੀ।
ਚਾਨਣਦੀਪ ਸਿੰਘ ਔਲਖ (ਮਾਨਸਾ), ਸੰਪਰਕ 9876888177






