ਲੁਧਿਆਣਾ ’ਚ ਨਕਲੀ ਪੁਲਿਸ ਮੁਲਾਜ਼ਮਾਂ ਦਾ ਗਿਰੋਹ ਬੇਨਕਾਬ, ਚਾਰ ਗ੍ਰਿਫ਼ਤਾਰ

Top Trending News ਪੰਜਾਬ
  • ਲੁਧਿਆਣਾ ’ਚ ਨਕਲੀ ਪੁਲਿਸ ਮੁਲਾਜ਼ਮਾਂ ਦਾ ਗਿਰੋਹ ਬੇਨਕਾਬ, ਚਾਰ ਗ੍ਰਿਫ਼ਤਾਰ
  • ਅਧੂਰੀ ਖਾਕੀ ਵਰਦੀ ਪਾ ਕੇ ਦੁਕਾਨਦਾਰਾਂ ਤੋਂ ਕਰਦੇ ਸਨ ਜਬਰੀ ਵਸੂਲੀ; ਬ੍ਰੀਜ਼ਾ ਕਾਰ ਜ਼ਬਤ, ਇੱਕ ਮੁਲਜ਼ਮ ਫ਼ਰਾਰ

ਲੁਧਿਆਣਾ, 13 ਨਵੰਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾਉਣ ਅਤੇ ਉਨ੍ਹਾਂ ਤੋਂ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਨ੍ਹਾਂ ਦਾ ਇੱਕ ਸਾਥੀ ਅਜੇ ਫ਼ਰਾਰ ਹੈ। ਮੁਲਜ਼ਮ ਬ੍ਰੀਜ਼ਾ ਕਾਰ ਵਿੱਚ ਘੁੰਮਦੇ ਸਨ ਅਤੇ ਅਧੂਰੀ ਖਾਕੀ ਵਰਦੀ ਪਾ ਕੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਸਨ।

ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ 12 ਨਵੰਬਰ ਨੂੰ ਏਐੱਸਆਈ ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖ਼ਬਰ ਨੇ ਗਿਰੋਹ ਬਾਰੇ ਸੂਚਨਾ ਦਿੱਤੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਛਾਪੇਮਾਰੀ ਕਰਕੇ ਪ੍ਰਿੰਸ, ਗੁਰਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਅਤੇ ਅਜੀਤ ਕੁਮਾਰ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਖਾਕੀ ਪੈਂਟ, ਲੌਂਗ ਕੋਟ, ਪੱਗਾਂ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ। ਵਾਰਦਾਤਾਂ ਲਈ ਵਰਤੀ ਜਾਂਦੀ ਬ੍ਰੀਜ਼ਾ ਕਾਰ (PB-78-6900) ਵੀ ਜ਼ਬਤ ਕਰ ਲਈ ਗਈ ਹੈ।

ਫਰਜ਼ੀ ਨਾਕੇ ਲਗਾ ਕੇ ਕਰਦੇ ਸਨ ਬਲੈਕਮੇਲ
ਡੀਸੀਪੀ ਅਨੁਸਾਰ, ਮੁਲਜ਼ਮ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਧਮਕਾ ਕੇ ਪੈਸੇ ਵਸੂਲਦੇ ਸਨ। ਉਹ ਫਰਜ਼ੀ ਨਾਕਾਬੰਦੀ ਕਰਕੇ ਛੋਟੇ-ਮੋਟੇ ਨਸ਼ਾ ਤਸਕਰਾਂ ਨੂੰ ਫੜਨ ਦਾ ਦਿਖਾਵਾ ਕਰਦੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਬਲੈਕਮੇਲ ਕਰਦੇ ਸਨ। ਕਦੇ ਕੋਈ ਆਪਣੇ ਆਪ ਨੂੰ ਐੱਸਐੱਚਓ ਅਤੇ ਕਦੇ ਕੋਈ ਗੰਨਮੈਨ ਦੱਸਦਾ ਸੀ। ਗਿਰੋਹ ਦਾ ਕੋਈ ਪੱਕਾ ਇਲਾਕਾ ਨਹੀਂ ਸੀ ਅਤੇ ਇਹ ਵਾਰਦਾਤਾਂ ਕਰਨ ਦਾ ਤਰੀਕਾ ਵੀ ਬਦਲਦੇ ਰਹਿੰਦੇ ਸਨ। ਪੁਲਿਸ ਮੁਤਾਬਕ, ਪਿਛਲੇ ਤਿੰਨ ਮਹੀਨਿਆਂ ਤੋਂ ਸਰਗਰਮ ਇਹ ਗਿਰੋਹ ਹੁਣ ਤੱਕ 8 ਤੋਂ 10 ਲੋਕਾਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ। ਮੁਲਜ਼ਮ ਜ਼ਿਆਦਾਤਰ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਖਾਕੀ ਵਰਦੀਆਂ ਕਿੱਥੋਂ ਹਾਸਲ ਕੀਤੀਆਂ ਸਨ।

ਇੱਕ ਮੁਲਜ਼ਮ ਹੋਮਗਾਰਡ ਮੁਲਾਜ਼ਮ
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਪ੍ਰਿੰਸ ਵਾਸੀ ਆਨੰਦ ਨਗਰ, ਖੰਨਾ, ਗੁਰਵਿੰਦਰ ਸਿੰਘ ਵਾਸੀ ਪਿੰਡ ਰਹੌਣ, ਸੁਰਿੰਦਰਪਾਲ ਸਿੰਘ ਵਾਸੀ ਪਿੰਡ ਸੰਗਤਪੁਰਾ ਅਤੇ ਅਜੀਤ ਕੁਮਾਰ ਵਾਸੀ ਪ੍ਰੀਤਮ ਕਾਲੋਨੀ, 33 ਫੁੱਟਾ ਰੋਡ, ਗਿਆਸਪੁਰਾ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਪ੍ਰਿੰਸ ਹੋਮਗਾਰਡ ਦਾ ਮੁਲਾਜ਼ਮ ਹੈ ਅਤੇ ਉਸ ਦੀ ਡਿਊਟੀ ਬੈਂਕ ਵਿੱਚ ਲੱਗੀ ਹੋਈ ਸੀ। ਫ਼ਰਾਰ ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਵਾਸੀ ਲਲਹੇੜੀ ਰੋਡ, ਖੰਨਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਹਾਲੇ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਉਨ੍ਹਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ ਅਤੇ ਫ਼ਰਾਰ ਸਾਥੀ ਦੀ ਭਾਲ ਜਾਰੀ ਹੈ।