ਅੰਮ੍ਰਿਤਸਰ ’ਚ ਰਾਈਫਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ, ASI ਦੀ ਮੌਤ

Top Trending News ਪੰਜਾਬ
  • ਅੰਮ੍ਰਿਤਸਰ ’ਚ ਰਾਈਫਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ, ASI ਦੀ ਮੌਤ

ਅੰਮ੍ਰਿਤਸਰ , 13 ਨਵੰਬਰ (ਦੇਸ਼ ਕਲਿੱਕ ਬਿਊਰੋ): ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਸਵੇਰੇ ਗੋਲੀ ਲੱਗਣ ਕਾਰਨ ਏਐੱਸਆਈ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਉਹ ਸੁਲਤਾਨਵਿੰਡ ਗੇਟ, ਤਰਨਤਾਰਨ ਰੋਡ ਸਥਿਤ ਆਪਣੇ ਘਰ ਨੇੜੇ ਬਣੇ ਪਾਰਕ ਵਿੱਚ ਪਰਿਵਾਰ ਨਾਲ ਬੈਠੇ ਸਨ। ਇਸ ਦੌਰਾਨ ਰਾਈਫਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਉਨ੍ਹਾਂ ਦੇ ਸਿਰ ‘ਚ ਜਾ ਲੱਗੀ। ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸਾਊਥ ਪ੍ਰੀਤ ਇੰਦਰ ਸਿੰਘ ਅਤੇ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਅਰਜੁਨ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਕਰੀਬ ਪੌਣੇ ਦੋ ਸਾਲ ਤੋਂ ਕਾਰੋਬਾਰੀ ਦੇ ਗੰਨਮੈਨ ਸਨ
ਕਾਰੋਬਾਰੀ ਸਾਹਿਲ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਬਦਮਾਸ਼ਾਂ ਵੱਲੋਂ ਧਮਕੀਆਂ ਮਿਲੀਆਂ ਸਨ। ਇਸ ਤੋਂ ਬਾਅਦ ਜੋਗਿੰਦਰ ਸਿੰਘ ਪਿਛਲੇ ਕਰੀਬ ਪੌਣੇ ਦੋ ਸਾਲ ਤੋਂ ਉਨ੍ਹਾਂ ਕੋਲ ਗੰਨਮੈਨ ਵਜੋਂ ਤਾਇਨਾਤ ਸਨ। ਸ਼ੁੱਕਰਵਾਰ ਨੂੰ ਜੋਗਿੰਦਰ ਸਿੰਘ ਨੇ ਦੁਪਹਿਰ ਕਰੀਬ 12 ਤੋਂ 12:30 ਵਜੇ ਦਰਮਿਆਨ ਸਾਹਿਲ ਮਹਾਜਨ ਨੂੰ ਉਨ੍ਹਾਂ ਦੇ ਘਰੋਂ ਲੈਣ ਆਉਣਾ ਸੀ। ਪਰ ਇਸ ਤੋਂ ਪਹਿਲਾਂ ਹੀ ਕਰੀਬ 11:50 ਵਜੇ ਜੋਗਿੰਦਰ ਸਿੰਘ ਦੇ ਪੁੱਤਰ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਪਿਤਾ ਘਰੋਂ ਨਿਕਲਣ ਦੀ ਤਿਆਰੀ ਕਰ ਰਹੇ ਸਨ ਅਤੇ ਬੰਦੂਕ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ। ਸਾਹਿਲ ਮਹਾਜਨ ਨੇ ਜੋਗਿੰਦਰ ਸਿੰਘ ਨੂੰ ਨੇਕ ਅਤੇ ਚੰਗੇ ਸੁਭਾਅ ਵਾਲਾ ਇਨਸਾਨ ਦੱਸਿਆ।

ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਪੁਲਿਸ
ਏਸੀਪੀ ਸਾਊਥ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਰਾਈਫਲ ਸਾਫ਼ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀ ਕਿਹੜੇ ਹਾਲਾਤ ਵਿੱਚ ਚੱਲੀ ਅਤੇ ਹਾਦਸੇ ਦਾ ਅਸਲ ਕਾਰਨ ਕੀ ਸੀ।