ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ

Top Trending News ਚੰਡੀਗੜ੍ਹ ਪੰਜਾਬ
  • ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ

ਚੰਡੀਗੜ੍ਹ: 13 ਨਵੰਬਰ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਚੋਣ ਮੁਹਿੰਮ ਤੇਜ਼ ਕਰਦਿਆਂ 9 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਬਾਕੀ 26 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਵੀ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਸੂਚੀ ‘ਆਪ’ ਦੇ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ ਅਤੇ ਪ੍ਰਧਾਨ ਵਿਜੇ ਪਾਲ ਸਿੰਘ ਨੇ ਸਾਂਝੇ ਤੌਰ ’ਤੇ ਜਾਰੀ ਕੀਤੀ। ਪਹਿਲੀ ਸੂਚੀ ਵਿੱਚ ਦੋ ਮੌਜੂਦਾ ਕੌਂਸਲਰਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਦਕਿ ਕੁਝ ਵਾਰਡਾਂ ਵਿੱਚ ਮੌਜੂਦਾ ਕੌਂਸਲਰਾਂ ਦੀ ਥਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਦਿੱਤੀ ਗਈ ਹੈ।

ਵਾਰਡ ਨੰਬਰ 22 ਤੋਂ ਮੌਜੂਦਾ ਕੌਂਸਲਰ ਅੰਜੂ ਕਤਿਆਲ ਅਤੇ ਵਾਰਡ ਨੰਬਰ 25 ਤੋਂ ਕੁਲਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 21 ਤੋਂ ਗੁਰਪ੍ਰੀਤ ਕੌਰ ਲਾਡੀ ਨੂੰ ਟਿਕਟ ਦਿੱਤੀ ਗਈ ਹੈ। ਇਸ ਵਾਰਡ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਜਸਬੀਰ ਸਿੰਘ ਕੌਂਸਲਰ ਸਨ। ਇਸੇ ਤਰ੍ਹਾਂ ਵਾਰਡ ਨੰਬਰ 25 ਤੋਂ ਰਾਧਿਕਾ ਢੀਂਗਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਵਾਰਡ ਨੰਬਰ 30 ਤੋਂ ਮੌਜੂਦਾ ਕੌਂਸਲਰ ਹਰਦੀਪ ਸਿੰਘ ਦੀ ਥਾਂ ਉਨ੍ਹਾਂ ਦੀ ਭਾਬੀ ਸਤਨਾਮ ਕੌਰ ਨੂੰ ਟਿਕਟ ਦਿੱਤੀ ਗਈ ਹੈ।

ਪਹਿਲੀ ਸੂਚੀ ਵਿੱਚ ਪੰਜ ਮਹਿਲਾ ਉਮੀਦਵਾਰ
ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ 9 ਉਮੀਦਵਾਰਾਂ ਵਿੱਚੋਂ 5 ਮਹਿਲਾਵਾਂ ਹਨ। ਇਨ੍ਹਾਂ ਵਿੱਚ ਗੁਰਪ੍ਰੀਤ ਕੌਰ ਲਾਡੀ, ਅੰਜੂ ਕਤਿਆਲ, ਰਾਧਿਕਾ ਢੀਂਗਰਾ, ਸਤਨਾਮ ਕੌਰ ਅਤੇ ਅਰੁਣ ਪ੍ਰਭਾ ਖੁਰਚਾ ਦੇ ਨਾਂ ਸ਼ਾਮਲ ਹਨ।

2021 ਦੀਆਂ ਚੋਣਾਂ ਵਿੱਚ ‘ਆਪ’ ਬਣੀ ਸੀ ਸਭ ਤੋਂ ਵੱਡੀ ਪਾਰਟੀ
2021 ਵਿੱਚ ਹੋਈਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਹਿੱਸਾ ਲੈਂਦਿਆਂ 35 ਵਿੱਚੋਂ 14 ਸੀਟਾਂ ਜਿੱਤੀਆਂ ਸਨ। ਇਸ ਨਾਲ ਪਾਰਟੀ ਸਦਨ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਹਾਲਾਂਕਿ, ਬਾਅਦ ਵਿੱਚ ਪਾਰਟੀ ਨੂੰ ਕਈ ਸਿਆਸੀ ਝਟਕੇ ਲੱਗੇ ਅਤੇ ਉਸ ਦੇ 7 ਕੌਂਸਲਰ ਪਾਰਟੀ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ। ਲਖਬੀਰ ਸਿੰਘ ਬਿੱਲੂ, ਸੁਮਨ ਸ਼ਰਮਾ ਅਤੇ ਪੂਨਮ ਭਾਜਪਾ ਵਿੱਚ ਚਲੇ ਗਏ, ਜਦਕਿ ਤਰੁਣਾ ਮਹਿਤਾ, ਪ੍ਰੇਮਲਤਾ, ਦਮਨਪ੍ਰੀਤ ਸਿੰਘ ਅਤੇ ਰਾਮਚੰਦਰ ਯਾਦਵ ਨੇ ਕਾਂਗਰਸ ਦਾ ਪੱਲਾ ਫੜ ਲਿਆ। ਇਸ ਤਰ੍ਹਾਂ ‘ਆਪ’ ਦੇ 14 ਵਿੱਚੋਂ 7 ਕੌਂਸਲਰ ਪਾਰਟੀ ਛੱਡ ਗਏ ਸਨ ਅਤੇ ਸਦਨ ਵਿੱਚ ਉਸ ਦੀ ਤਾਕਤ ਘਟ ਗਈ ਸੀ।