ਚੰਡੀਗੜ੍ਹ ‘ਚ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

Top Trending News ਚੰਡੀਗੜ੍ਹ ਪੰਜਾਬ
  • ਚੰਡੀਗੜ੍ਹ ‘ਚ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: 13 ਨਵੰਬਰ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿੱਚ ਸ਼ੁੱਕਰਵਾਰ ਸ਼ਾਮ ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 36 ਸਾਲਾ ਗੁਰਮੰਗਲ ਸਿੰਘ ਵਜੋਂ ਹੋਈ ਹੈ, ਜੋ ਆਪਣੀ ਲਾਇਸੈਂਸੀ ਰਾਈਫਲ ਨਾਲ ਡਿਊਟੀ ਦੌਰਾਨ ਮੌਜੂਦ ਸੀ। ਮੁੱਢਲੀ ਜਾਣਕਾਰੀ ਅਨੁਸਾਰ, ਉਸ ਨੇ ਆਪਣੇ ਸਿਰ ਵਿੱਚ ਗੋਲੀ ਮਾਰੀ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਗੁਰਮੰਗਲ ਸਿੰਘ ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਵਿੱਚ ਹੈੱਡ ਮਾਲੀ ਵਜੋਂ ਤਾਇਨਾਤ ਸ਼ੇਰ ਸਿੰਘ ਦੇ ਨਿੱਜੀ ਸੁਰੱਖਿਆ ਅਧਿਕਾਰੀ (PSO) ਵਜੋਂ ਡਿਊਟੀ ਕਰ ਰਿਹਾ ਸੀ।

ਸ਼ਾਮ ਕਰੀਬ 4:30 ਵਜੇ ਵਾਪਰੀ ਘਟਨਾ
ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਗੁਰਮੰਗਲ ਸਿੰਘ ਬੋਟੈਨੀਕਲ ਗਾਰਡਨ ਵਿੱਚ ਡਿਊਟੀ ’ਤੇ ਸੀ। ਇਸ ਦੌਰਾਨ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ। ਉਸ ਦੀ ਲਾਸ਼ ਨੂੰ ਸੈਕਟਰ-16 ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।

ਤਿੰਨ ਮਹੀਨੇ ਪਹਿਲਾਂ ਹੋਈ ਸੀ PSO ਵਜੋਂ ਤਾਇਨਾਤੀ
ਦੱਸਿਆ ਜਾ ਰਿਹਾ ਹੈ ਕਿ ਬੋਟਨੀ ਵਿਭਾਗ ਦੇ ਹੈੱਡ ਮਾਲੀ ਸ਼ੇਰ ਸਿੰਘ ਨੂੰ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕਰੀਬ ਪੰਜ ਸਾਲ ਪਹਿਲਾਂ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਗੁਰਮੰਗਲ ਸਿੰਘ ਦੀ ਲਗਭਗ ਤਿੰਨ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ PSO ਵਜੋਂ ਤਾਇਨਾਤੀ ਹੋਈ ਸੀ।

ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਉੱਥੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਡੀਐੱਸਪੀ ਰਾਮ ਗੋਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਨਾਲ ਜੁੜੇ ਤੱਥਾਂ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।