US Breaking: ਅਮਰੀਕਾ ‘ਚ ਹਵਾਈ ਆਵਾਜਾਈ ਠੱਪ, ਸੰਚਾਰ ਪ੍ਰਣਾਲੀ ਵਿੱਚ ਤਕਨੀਕੀ ਖ਼ਰਾਬੀ ਕਾਰਨ ਸਾਰੀਆਂ ਉਡਾਣਾਂ ’ਤੇ ਰੋਕ
ਵਾਸ਼ਿੰਗਟਨ 14 ਨਵੰਬਰ 2026
ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਹਵਾਈ ਆਵਾਜਾਈ ਨਿਯੰਤਰਣ (ਏ.ਟੀ.ਸੀ.) ਦੀ ਸੰਚਾਰ ਪ੍ਰਣਾਲੀ ਵਿੱਚ ਗੰਭੀਰ ਤਕਨੀਕੀ ਖ਼ਰਾਬੀ ਆਉਣ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋ ਗਈ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫ.ਏ.ਏ.) ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਦੇਸ਼ ਭਰ ਵਿੱਚ ਉਡਾਣ ਭਰਨ ਵਾਲੇ ਸਾਰੇ ਜਹਾਜ਼ਾਂ ਦੀ ਰਵਾਨਗੀ ’ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਜਹਾਜ਼ ਪਹਿਲਾਂ ਹੀ ਹਵਾ ਵਿੱਚ ਹਨ, ਉਹ ਆਪਣੇ ਨਿਰਧਾਰਤ ਟਿਕਾਣਿਆਂ ਵੱਲ ਜਾ ਸਕਣਗੇ ਅਤੇ ਸੁਰੱਖਿਅਤ ਉਤਰ ਸਕਣਗੇ। ਪਰ ਹਵਾਈ ਅੱਡਿਆਂ ’ਤੇ ਖੜ੍ਹੇ ਜਹਾਜ਼ਾਂ ਨੂੰ ਮੁੜ ਉਡਾਣ ਭਰਨ ਦੀ ਮਨਜ਼ੂਰੀ ਨਹੀਂ ਹੋਵੇਗੀ। ਕੌਮਾਂਤਰੀ ਉਡਾਣਾਂ ਬਾਰੇ ਫ਼ੈਸਲਾ ਵੱਖ-ਵੱਖ ਮਾਮਲਿਆਂ ਦੇ ਆਧਾਰ ’ਤੇ ਲਿਆ ਜਾਵੇਗਾ।
ਅਮਰੀਕੀ ਆਵਾਜਾਈ ਮੰਤਰੀ ਸ਼ੌਨ ਡਫੀ ਨੇ ਦੱਸਿਆ ਕਿ ਸੰਚਾਰ ਪ੍ਰਣਾਲੀ ਵਿੱਚ ਆਈ ਖ਼ਰਾਬੀ ਨੇ ਦੇਸ਼ ਭਰ ਦੇ ਹਵਾਈ ਆਵਾਜਾਈ ਨਿਯੰਤਰਣ ਕੇਂਦਰਾਂ ਨੂੰ ਪ੍ਰਭਾਵਿਤ ਕੀਤਾ ਹੈ। ਤਕਨੀਕੀ ਮਾਹਿਰ ਖ਼ਰਾਬੀ ਦੂਰ ਕਰਨ ਵਿੱਚ ਜੁਟੇ ਹੋਏ ਹਨ।
ਜ਼ਿਕਰਯੋਗ ਹੈ ਕਿ 2001 ਦੇ ਦਹਿਸ਼ਤੀ ਹਮਲਿਆਂ ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਅਮਰੀਕਾ ਵਿੱਚ ਦੇਸ਼ ਪੱਧਰ ’ਤੇ ਉਡਾਣਾਂ ਦੀ ਰਵਾਨਗੀ ਰੋਕੀ ਗਈ ਹੈ।





