ਇਤਿਹਾਸਕ ਖ਼ਜ਼ਾਨੇ ’ਤੇ ਚੋਰਾਂ ਦਾ ਹੱਥ ਸਾਫ਼! 400 ਸਾਲ ਪੁਰਾਣੀ ਤੋਪ ਸਮੇਤ 142 ਵਿਰਾਸਤੀ ਵਸਤਾਂ ਚੋਰੀ
ਭੋਪਾਲ 14 ਨਵੰਬਰ 2026
ਮੱਧ ਪ੍ਰਦੇਸ਼ ਵਿੱਚ ਇਤਿਹਾਸਕ ਵਿਰਾਸਤ ਦੀ ਚੋਰੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਸਥਿਤ ਨਰਵਰ ਕਿਲ੍ਹੇ ਵਿੱਚ ਸੁਰੱਖਿਅਤ ਰੱਖੀ 400 ਸਾਲ ਪੁਰਾਣੀ ਤੋਪ ਸਮੇਤ ਕੁੱਲ 142 ਇਤਿਹਾਸਕ ਵਿਰਾਸਤੀ ਵਸਤਾਂ ਚੋਰੀ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 3.5 ਟਨ ਵਜ਼ਨ ਵਾਲੀ ਤੋਪ ਜੁਲਾਈ 2026 ਵਿੱਚ ਚੋਰੀ ਕੀਤੀ ਗਈ ਸੀ, ਪਰ ਇਸ ਮਾਮਲੇ ਦਾ ਖੁਲਾਸਾ ਹੁਣ ਹੋਇਆ ਹੈ।
ਪੁਲਿਸ ਅਨੁਸਾਰ, ਜਾਂਚ ਦੌਰਾਨ ਤੋਪ ਨੂੰ ਚੋਰੀ ਕਰਕੇ ਰਾਜਸਥਾਨ ਲਿਜਾਣ ਦੇ ਸੁਰਾਗ ਮਿਲੇ ਹਨ, ਪਰ ਅਜੇ ਤੱਕ ਇਸ ਨੂੰ ਬਰਾਮਦ ਨਹੀਂ ਕੀਤਾ ਜਾ ਸਕਿਆ। ਇਸ ਦੇ ਨਾਲ ਹੀ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਦੀ ਚੋਰੀ ਕਰਨ ਵਾਲੇ ਕੌਮਾਂਤਰੀ ਤਸਕਰ ਗਿਰੋਹ ਦਾ ਵੀ ਪਰਦਾਫਾਸ਼ ਹੋਇਆ ਹੈ।
ਪੁਲਿਸ ਰਿਕਾਰਡ ਮੁਤਾਬਕ ਗੁਨਾ, ਗਵਾਲੀਅਰ, ਮੁਰੈਨਾ, ਸ਼ਿਵਪੁਰੀ, ਭਿੰਡ, ਵਿਦਿਸ਼ਾ, ਰਾਇਸੇਨ ਸਮੇਤ 12 ਜ਼ਿਲ੍ਹਿਆਂ ਦੇ ਮੰਦਰਾਂ ਵਿੱਚੋਂ ਸ਼ਿਵਲਿੰਗ, ਵਿਸ਼ਨੂੰ ਅਤੇ ਗਣੇਸ਼ ਦੀਆਂ ਮੂਰਤੀਆਂ, ਜੈਨ ਤੀਰਥੰਕਰਾਂ ਦੀਆਂ ਮੂਰਤੀਆਂ, ਯਕਸ਼ ਦੀਆਂ ਪ੍ਰਤਿਮਾਵਾਂ ਅਤੇ ਮੰਦਰਾਂ ਦੇ ਕਲਾਤਮਕ ਹਿੱਸੇ ਚੋਰੀ ਹੋ ਚੁੱਕੇ ਹਨ। ਇਹ ਘਟਨਾਵਾਂ ਸੂਬੇ ਦੀ ਇਤਿਹਾਸਕ ਵਿਰਾਸਤ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।





