- ‘ਪੰਜਾਬ ਮੰਗਦਾ ਇਨਸਾਫ਼’ ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਪੰਜਾਬ ਦੀ ਹੋਂਦ, ਹੱਕਾਂ ਅਤੇ ਭਵਿੱਖ ਦੀ ਲੜਾਈ ਹੈ: ਪਰਗਟ ਸਿੰਘ
ਬਰਨਾਲਾ, 14 ਨਵੰਬਰ (ਦੇਸ਼ ਕਲਿੱਕ ਬਿਊਰੋ): ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਤਹਿਤ ਅੱਜ ਬਰਨਾਲਾ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਅੱਜ ਦੀ ਲੜਾਈ ਸਿਰਫ਼ ਸੱਤਾ ਜਾਂ ਸਿਆਸਤ ਦੀ ਲੜਾਈ ਨਹੀਂ, ਸਗੋਂ ਪੰਜਾਬ ਦੀ ਹੋਂਦ, ਪਹਿਚਾਣ, ਹੱਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਲੜਾਈ ਹੈ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਸਾਹਮਣੇ ਕੋਈ ਨਕਾਰਾਤਮਕ ਸਿਆਸਤ ਜਾਂ ਸਿਰਫ਼ ਵਿਰੋਧ ਦੀ ਰਾਜਨੀਤੀ ਨਹੀਂ ਰੱਖ ਰਹੇ, ਬਲਕਿ ਇੱਕ ਸਕਾਰਾਤਮਕ ਏਜੰਡਾ ਲੈ ਕੇ ਅੱਗੇ ਵਧ ਰਹੇ ਹਾਂ। ਸਾਡਾ ਮਕਸਦ ਪੰਜਾਬ ਨੂੰ ਮੁੜ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣਾ ਹੈ।
ਪਰਗਟ ਸਿੰਘ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੇਸ਼ ਅਤੇ ਦੁਨੀਆ ਵਿੱਚ ਆਪਣੀ ਮਿਹਨਤ, ਖੇਤੀਬਾੜੀ, ਖੇਡਾਂ, ਸਿੱਖਿਆ, ਉਦਯੋਗ ਅਤੇ ਭਾਈਚਾਰਕ ਸਾਂਝ ਕਰਕੇ ਇੱਕ ਬ੍ਰਾਂਡ ਵਜੋਂ ਜਾਣਿਆ ਜਾਂਦਾ ਸੀ। ਪੰਜਾਬ ਦੀ ਪਹਿਚਾਣ ਉਸ ਦੀ ਤਰੱਕੀ ਅਤੇ ਸਮਰੱਥਾ ਨਾਲ ਜੁੜੀ ਹੋਈ ਸੀ। ਅੱਜ ਲੋੜ ਹੈ ਕਿ ਅਸੀਂ ਪੰਜਾਬ ਦੀ ਉਸ ਪੁਰਾਣੀ ਪਹਿਚਾਣ ਨੂੰ ਮੁੜ ਸੁਰਜੀਤ ਕਰੀਏ ਅਤੇ ਇਸ ਨੂੰ ਨਵੀਂ ਸੋਚ, ਨਵੀਂ ਨੀਤੀ ਅਤੇ ਨਵੇਂ ਵਿਜ਼ਨ ਨਾਲ ਅੱਗੇ ਲੈ ਕੇ ਜਾਈਏ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ, ਕਿਸਾਨੀ ਨੂੰ ਮਜ਼ਬੂਤੀ, ਉਦਯੋਗ ਨੂੰ ਨਵੀਂ ਦਿਸ਼ਾ, ਸਿੱਖਿਆ ਨੂੰ ਵਿਸ਼ਵ ਪੱਧਰੀ ਮਿਆਰ ਅਤੇ ਖੇਡਾਂ ਨੂੰ ਉਤਸ਼ਾਹ ਦੇਣਾ ਸਾਡੇ ਏਜੰਡੇ ਦੇ ਅਹਿਮ ਹਿੱਸੇ ਹੋਣੇ ਚਾਹੀਦੇ ਹਨ। ਪੰਜਾਬ ਨੂੰ ਮੁੜ ਇੱਕ ਅਜਿਹਾ ਸੂਬਾ ਬਣਾਉਣ ਦੀ ਲੋੜ ਹੈ, ਜਿੱਥੇ ਨੌਜਵਾਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ਾਂ ਵੱਲ ਨਾ ਦੇਖਣਾ ਪਵੇ।
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਮੁਹੰਮਦ ਸਦੀਕ, ਬਲਕੌਰ ਸਿੰਘ ਸਿੱਧੂ ਅਤੇ ਹਲਕੇ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਮੌਜੂਦ ਰਹੀ। ਆਗੂਆਂ ਅਤੇ ਵਰਕਰਾਂ ਨੇ ਆਗਾਮੀ ਚੋਣਾਂ ਅਤੇ ਪੰਜਾਬ ਦੇ ਭਵਿੱਖ ਸਬੰਧੀ ਆਪਣੇ ਕੀਮਤੀ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ।
ਪਰਗਟ ਸਿੰਘ ਨੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੁੜ ਉਸ ਦੀ ਪਹਿਚਾਣ ਦਿਵਾਉਣ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ।
ਸਾਡਾ ਮਕਸਦ ਸਿਰਫ਼ ਸਰਕਾਰ ਬਦਲਣਾ ਨਹੀਂ, ਸਗੋਂ ਪੰਜਾਬ ਦੀ ਦਿਸ਼ਾ ਬਦਲਣਾ ਅਤੇ ਪੰਜਾਬ ਨੂੰ ਮੁੜ ਇੱਕ ਮਾਣਮੱਤਾ ਬ੍ਰਾਂਡ ਬਣਾਉਣਾ ਹੈ। ਪੰਜਾਬ ਦੀ ਹੋਂਦ, ਹੱਕਾਂ ਅਤੇ ਭਵਿੱਖ ਲਈ ਇਹ ਸਾਂਝੀ ਲੜਾਈ ਹੈ।





