Breaking: ਅਮਰੀਕਾ ‘ਚ ਹਵਾਈ ਆਵਾਜਾਈ ਪ੍ਰਭਾਵਿਤ ਹੋਣ ਦੇ ਬਾਵਜੂਦ ਏਅਰ ਇੰਡੀਆ ਦੀਆਂ ਉਡਾਣਾਂ ਸਮੇਂ ਸਿਰ ਚੱਲੀਆਂ
ਨਵੀਂ ਦਿੱਲੀ 15 ਨਵੰਬਰ 2026
ਅਮਰੀਕਾ ਵਿੱਚ ਹਵਾਈ ਆਵਾਜਾਈ ਨਿਯੰਤਰਣ ਕੇਂਦਰਾਂ ਵਿੱਚ ਸੰਚਾਰ ਪ੍ਰਣਾਲੀ ਵਿੱਚ ਆਈਆਂ ਤਕਨੀਕੀ ਦਿੱਕਤਾਂ ਕਾਰਨ ਹਜ਼ਾਰਾਂ ਉਡਾਣਾਂ ਪ੍ਰਭਾਵਿਤ ਹੋਣ ਦੇ ਬਾਵਜੂਦ ਏਅਰ ਇੰਡੀਆ ਦੀਆਂ ਅਮਰੀਕਾ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨਿਰਧਾਰਤ ਸਮੇਂ ਅਨੁਸਾਰ ਚੱਲੀਆਂ। ਹਵਾਈ ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।
ਏਅਰ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ ਨਿਊਯਾਰਕ, ਨੇਵਾਰਕ ਅਤੇ ਸੈਨ ਫਰਾਂਸਿਸਕੋ ਜਾਣ ਵਾਲੀਆਂ ਉਸ ਦੀਆਂ ਸਾਰੀਆਂ ਉਡਾਣਾਂ ਸ਼ਨੀਵਾਰ ਤੜਕਸਾਰ ਸਮੇਂ ਸਿਰ ਆਪਣੀਆਂ ਮੰਜ਼ਿਲਾਂ ’ਤੇ ਪਹੁੰਚੀਆਂ। ਕੰਪਨੀ ਨੇ ਕਿਹਾ ਕਿ ਅਮਰੀਕਾ ਵਿੱਚ ਦੇਸ਼ ਪੱਧਰ ’ਤੇ ਹਵਾਈ ਆਵਾਜਾਈ ਰੋਕਣ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦੇ ਬਾਵਜੂਦ ਉਸ ਦੀਆਂ ਉਡਾਣਾਂ ਦੇ ਸੰਚਾਲਨ ਵਿੱਚ ਕੋਈ ਵੱਡੀ ਦੇਰੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਨੇ ਸ਼ੁੱਕਰਵਾਰ ਦੁਪਹਿਰ ਖੇਤਰੀ ਹਵਾਈ ਆਵਾਜਾਈ ਨਿਯੰਤਰਣ ਕੇਂਦਰਾਂ ਵਿੱਚ ਸੰਚਾਰ ਸਬੰਧੀ ਸਮੱਸਿਆਵਾਂ ਕਾਰਨ ਦੇਸ਼ ਭਰ ਵਿੱਚ ਉਡਾਣਾਂ ਦਾ ਸੰਚਾਲਨ ਰੋਕ ਦਿੱਤਾ ਸੀ।
ਉਡਾਣਾਂ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ ‘ਫਲਾਈਟਅਵੇਅਰ’ ਅਨੁਸਾਰ ਸ਼ਨੀਵਾਰ ਨੂੰ ਅਮਰੀਕਾ ਵਿੱਚ 2,500 ਤੋਂ ਵੱਧ ਉਡਾਣਾਂ ਰੱਦ ਹੋਈਆਂ, ਜਦਕਿ ਸੈਂਕੜੇ ਹੋਰ ਉਡਾਣਾਂ ਦੇਰੀ ਨਾਲ ਚੱਲੀਆਂ।





