Big Breaking- ਗੰਗਾਨਗਰ ਰੇਲਵੇ ਪਟੜੀ ਧਮਾਕਾ ਮਾਮਲੇ ’ਚ ਪੰਜਾਬ ਤੱਕ ਪਹੁੰਚੀ ਜਾਂਚ, ਗੁਰਦਾਸਪੁਰ ’ਚੋਂ ਲੜਕੀ ਸਮੇਤ ਦੋ ਕਾਬੂ

Top Trending News ਪੰਜਾਬ

 

Big Breaking- ਗੰਗਾਨਗਰ ਰੇਲਵੇ ਪਟੜੀ ਧਮਾਕਾ ਮਾਮਲੇ ’ਚ ਪੰਜਾਬ ਤੱਕ ਪਹੁੰਚੀ ਜਾਂਚ, ਗੁਰਦਾਸਪੁਰ ’ਚੋਂ ਲੜਕੀ ਸਮੇਤ ਦੋ ਕਾਬੂ

ਕਲਾਨੌਰ (ਗੁਰਦਾਸਪੁਰ), 15 ਨਵੰਬਰ:

ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿਖੇ 3 ਨਵੰਬਰ ਨੂੰ ਰੇਲਵੇ ਪਟੜੀ ’ਤੇ ਹੋਏ ਧਮਾਕੇ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਅਹਿਮ ਸਫ਼ਲਤਾ ਮਿਲੀ ਹੈ। ਜਾਂਚ ਦੀਆਂ ਤਾਰਾਂ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਨਾਲ ਜੁੜਨ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਬਲਾਕ ਕਲਾਨੌਰ ਦੇ ਦੋ ਵੱਖ-ਵੱਖ ਪਿੰਡਾਂ ਵਿੱਚੋਂ ਇੱਕ ਲੜਕੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਮੁੱਢਲੀ ਜਾਣਕਾਰੀ ਅਨੁਸਾਰ, ਰਾਜਸਥਾਨ ਪੁਲਿਸ ਨੇ ਜਾਂਚ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ। ਕਾਬੂ ਕੀਤੇ ਗਏ ਦੋਵਾਂ ਨੂੰ ਰਾਜਸਥਾਨ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ, ਉਨ੍ਹਾਂ ਦੀ ਇਸ ਮਾਮਲੇ ਵਿੱਚ ਕੀ ਭੂਮਿਕਾ ਰਹੀ ਹੈ, ਇਸ ਬਾਰੇ ਪੁਲਿਸ ਵੱਲੋਂ ਅਜੇ ਕੋਈ ਵਿਸਥਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਜ਼ਿਕਰਯੋਗ ਹੈ ਕਿ ਦੋਵਾਂ ਪਿੰਡਾਂ ਦੀ ਭੂਗੋਲਿਕ ਸਥਿਤੀ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਦੇ ਨੇੜੇ ਹੈ। ਪੁਲਿਸ ਵੱਲੋਂ ਇਸ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।