SIR ਮਾਮਲੇ ’ਚ INDIA ਗਠਜੋੜ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ 9 ਦਸੰਬਰ ਨੂੰ ਸੁਣਵਾਈ, ਚੋਣ ਕਮਿਸ਼ਨ ਤੋਂ ਮੰਗੇ 48 ਸਵਾਲਾਂ ਦੇ ਜਵਾਬ
ਨਵੀਂ ਦਿੱਲੀ, 18 ਨਵੰਬਰ 2026: ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR) ਨੂੰ ਲੈ ਕੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਣ ਵਾਲੀ INDIA ਗਠਜੋੜ ਦੀ ਨਵੀਂ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ 9 ਦਸੰਬਰ ਲਈ ਤੈਅ ਕੀਤੀ ਹੈ। ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਦਾਇਰ ਇਸ ਅਰਜ਼ੀ ਵਿੱਚ ਚੋਣ ਕਮਿਸ਼ਨ ਤੋਂ 48 ਸਵਾਲਾਂ ਦੇ ਲਿਖਤੀ ਜਵਾਬ ਮੰਗੇ ਗਏ ਹਨ।
ਸੁਣਵਾਈ ਦੌਰਾਨ ਗਠਜੋੜ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ, ਪਰ ਅਦਾਲਤ ਨੇ ਫਿਲਹਾਲ ਇਸ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਆਪਣੀਆਂ ਇਤਰਾਜ਼ਾਂ ਅਤੇ ਜਵਾਬ ਦਾਖ਼ਲ ਕਰ ਸਕਦਾ ਹੈ।
ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਅਰਜ਼ੀ ’ਤੇ ਗੰਭੀਰ ਇਤਰਾਜ਼ ਪ੍ਰਗਟਾਏ।
ਪਟੀਸ਼ਨ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਦੀ ਭੂਮਿਕਾ ਅਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਮੰਗੀ ਗਈ ਹੈ। ਇਸ ਤੋਂ ਇਲਾਵਾ ਫਾਰਮ-6, ECINET, ਵੋਟਰ ਸੂਚੀਆਂ ਵਿੱਚ ਸੋਧ ਅਤੇ ਵੋਟਰਾਂ ਦੇ ਨਾਮ ਕੱਟਣ ਸਬੰਧੀ ਵੀ ਸਵਾਲ ਉਠਾਏ ਗਏ ਹਨ।
ਹੁਣ 9 ਦਸੰਬਰ ਦੀ ਸੁਣਵਾਈ ਦੌਰਾਨ ਅਦਾਲਤ ਚੋਣ ਕਮਿਸ਼ਨ ਦੇ ਇਤਰਾਜ਼ਾਂ ਅਤੇ ਪਟੀਸ਼ਨਕਰਤਾਵਾਂ ਦੀ ਮੰਗ ’ਤੇ ਵਿਚਾਰ ਕਰੇਗੀ।





