ਪਿੰਡ ਜਹਾਂਗੀਰ ਸਥਿਤ ਹਾਰਪ ਕੈਮੀਕਲਜ਼ ਫੈਕਟਰੀ ਦੀ ਜਾਂਚ ਅਤੇ ਸੈਂਪਲਿੰਗ ਲਈ ਵਿਸ਼ੇਸ਼ ਮਾਹਿਰ ਟੀਮਾਂ ਪਹੁੰਚੀਆਂ

Top Trending News ਪੰਜਾਬ
  • ਪਿੰਡ ਜਹਾਂਗੀਰ ਸਥਿਤ ਹਾਰਪ ਕੈਮੀਕਲਜ਼ ਫੈਕਟਰੀ ਦੀ ਜਾਂਚ ਅਤੇ ਸੈਂਪਲਿੰਗ ਲਈ ਵਿਸ਼ੇਸ਼ ਮਾਹਿਰ ਟੀਮਾਂ ਪਹੁੰਚੀਆਂ
  • ਐਨ.ਆਈ.ਐਚ. ਰੁੜਕੀ ਅਤੇ ਪੀ.ਪੀ.ਸੀ.ਬੀ ਦੀਆਂ ਟੀਮਾਂ ਵੱਲੋਂ ਪਾਣੀ, ਮਿੱਟੀ ਅਤੇ ਸੁਆਹ ਦੇ ਨਮੂਨੇ ਇਕੱਤਰ
  • ਪਿੰਡ ਵਾਸੀਆਂ ਦੀ ਸਿਹਤ ਜਾਂਚ ਲਈ ਲਗਾਏ ਜਾਣਗੇ ਵਿਸ਼ੇਸ਼ ਮੈਡੀਕਲ ਕੈਂਪ

ਧੂਰੀ, 17 ਨਵੰਬਰ (ਦੇਸ਼ ਕਲਿੱਕ ਬਿਊਰੋ): ਪਿੰਡ ਜਹਾਂਗੀਰ ਸਥਿਤ ਹਾਰਪ ਕੈਮੀਕਲਜ਼ ਫੈਕਟਰੀ ਸਬੰਧੀ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਪ੍ਰਗਟਾਈਆਂ ਜਾ ਰਹੀਆਂ ਚਿੰਤਾਵਾਂ ਅਤੇ ਖਦਸ਼ਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਸਾਂਝੇ ਤੌਰ ‘ਤੇ ਵਿਆਪਕ ਜਾਂਚ ਅਤੇ ਸੈਂਪਲਿੰਗ ਮੁਹਿੰਮ ਚਲਾਈ ਗਈ। ਇਸ ਤਹਿਤ ਕੌਮੀ ਪੱਧਰ ਦੀਆਂ ਮਾਹਿਰ ਸੰਸਥਾਵਾਂ ਨੈਸ਼ਨਲ ਇੰਸਟੀਚਿਊਟ ਆਫ਼ ਹਾਈਡ੍ਰੋਲੋਜੀ (ਐਨ.ਆਈ.ਐਚ.), ਰੁੜਕੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪਾਣੀ, ਮਿੱਟੀ ਅਤੇ ਸੁਆਹ ਦੇ ਨਮੂਨੇ ਇਕੱਤਰ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਧੂਰੀ ਜਸਲੀਨ ਕੌਰ ਭੁੱਲਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਜਾਂਚ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹੀ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਵਿਗਿਆਨਕ ਜਾਂਚ ਅਤੇ ਤੱਥਾਂ ਦੇ ਆਧਾਰ ‘ਤੇ ਸਥਿਤੀ ਸਪੱਸ਼ਟ ਕਰਨਾ ਅਤੇ ਇਲਾਕਾ ਨਿਵਾਸੀਆਂ ਦੀ ਸਿਹਤ ਤੇ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਕਿਸੇ ਵੀ ਪੱਧਰ ‘ਤੇ ਵਾਤਾਵਰਣ ਸਬੰਧੀ ਨਿਰਧਾਰਤ ਮਾਪਦੰਡਾਂ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਕੰਪਨੀ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਐੱਸ.ਡੀ.ਐੱਮ. ਨੇ ਦੱਸਿਆ ਕਿ ਇਹ ਫੈਕਟਰੀ ਸਾਲ 2024 ਵਿੱਚ ਸਥਾਪਿਤ ਹੋਈ ਸੀ ਅਤੇ ਇੱਥੇ ਮੁੱਖ ਤੌਰ ‘ਤੇ ਇਥੇਨੌਲ ਦਾ ਉਤਪਾਦਨ ਕੀਤਾ ਜਾਂਦਾ ਹੈ। ਫਰਵਰੀ-ਮਾਰਚ 2026 ਦੌਰਾਨ ਫੈਕਟਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਣ ਤੋਂ ਬਾਅਦ 26 ਮਾਰਚ 2026 ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਫੈਕਟਰੀ ਦੇ ਪ੍ਰਦੂਸ਼ਣ ਕੰਟਰੋਲ ਪ੍ਰਬੰਧਾਂ, ਜਿਨ੍ਹਾਂ ਵਿੱਚ ਐਫਲੂਐਂਟ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.) ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਸ਼ਾਮਲ ਹਨ, ਦੀ ਜਾਂਚ ਕੀਤੀ ਗਈ ਸੀ। ਉਸ ਸਮੇਂ ਪ੍ਰਾਪਤ ਰਿਪੋਰਟਾਂ ਅਨੁਸਾਰ ਇਨ੍ਹਾਂ ਪ੍ਰਬੰਧਾਂ ਦੇ ਨਤੀਜੇ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਪਾਏ ਗਏ ਸਨ।

ਉਨ੍ਹਾਂ ਦੱਸਿਆ ਕਿ 4 ਜੂਨ 2026 ਨੂੰ ਪਿੰਡ ਕਾਲਾਬੂਲਾ ਦੇ ਇੱਕ ਬੋਰਵੈੱਲ ਵਿੱਚੋਂ ਕੁਝ ਸਮੇਂ ਲਈ ਕਾਲੇ ਪਾਣੀ ਦੇ ਨਿਕਾਸ ਸਬੰਧੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸੰਗਰੂਰ ਅਤੇ ਪਟਿਆਲਾ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਸੀ। ਇਸ ਦੌਰਾਨ ਫੈਕਟਰੀ ਦੇ ਅੰਦਰਲੇ ਦੋ ਬੋਰਵੈੱਲਾਂ ਸਮੇਤ ਪਿੰਡ ਜਹਾਂਗੀਰ, ਘਨੌਰੀ ਕਲਾਂ ਅਤੇ ਕਾਲਾਬੂਲਾ ਦੇ ਬੋਰਵੈੱਲਾਂ ਵਿੱਚੋਂ ਪਾਣੀ ਦੇ ਨਮੂਨੇ ਲਏ ਗਏ ਸਨ। ਇਸ ਤੋਂ ਇਲਾਵਾ 8 ਜੂਨ ਨੂੰ ਪਿੰਡ ਕਾਲਾਬੂਲਾ ਦੇ 500 ਤੋਂ 700 ਮੀਟਰ ਦੇ ਘੇਰੇ ਅੰਦਰਲੇ ਬੋਰਵੈੱਲਾਂ ਦੇ ਪਾਣੀ ਦੀ 30 ਵੱਖ-ਵੱਖ ਮਾਪਦੰਡਾਂ ‘ਤੇ ਜਾਂਚ ਕੀਤੀ ਗਈ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਪਿੰਡ ਵਾਸੀਆਂ ਅਤੇ ਸਰਪੰਚਾਂ ਵੱਲੋਂ ਮੁੜ ਸ਼ਿਕਾਇਤਾਂ ਪ੍ਰਾਪਤ ਹੋਣ ‘ਤੇ 18 ਅਗਸਤ ਅਤੇ 18 ਸਤੰਬਰ ਨੂੰ ਦੁਬਾਰਾ ਜਾਂਚ ਕੀਤੀ ਗਈ ਸੀ। 18 ਸਤੰਬਰ ਦੀ ਜਾਂਚ ਦੌਰਾਨ ਫੈਕਟਰੀ ਵਿੱਚੋਂ ਨਿਕਲਣ ਵਾਲੀ ਸੁਆਹ ਦੀ ਢੋਆ-ਢੁਆਈ ਸਮੇਂ ਪਾਣੀ ਦੀ ਲੀਕੇਜ ਦਾ ਮਾਮਲਾ ਸਾਹਮਣੇ ਆਇਆ ਸੀ। ਫੈਕਟਰੀ ਦੇ ਜ਼ੀਰੋ ਲਿਕਵਿਡ ਡਿਸਚਾਰਜ (ਜ਼ੈੱਡ.ਐੱਲ.ਡੀ.) ਪ੍ਰਬੰਧਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਬੋਰਡ ਦੇ ਚੇਅਰਮੈਨ ਵੱਲੋਂ ਕੀਤੀ ਗਈ ਸੁਣਵਾਈ ਦੌਰਾਨ ਕੰਪਨੀ ਨੇ ਦੱਸਿਆ ਸੀ ਕਿ ਇਹ ਸੁਆਹ ਪਿੰਡ ਸਲੇਮਪੁਰ ਦੇ ਸਰਪੰਚ ਦੀ ਮੰਗ ‘ਤੇ ਉੱਥੋਂ ਦੇ ਖੇਡ ਮੈਦਾਨ ਵਿੱਚ ਪਾਉਣ ਲਈ ਭੇਜੀ ਜਾ ਰਹੀ ਸੀ।

ਐੱਸ.ਡੀ.ਐੱਮ. ਨੇ ਦੱਸਿਆ ਕਿ ਜਾਂਚ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਅਤੇ ਪਿੰਡ ਵਾਸੀਆਂ ਦੀ ਤਸੱਲੀ ਯਕੀਨੀ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਐੱਸ.ਡੀ.ਐੱਮ. ਧੂਰੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਅਤੇ ਪਿੰਡ ਵਾਸੀਆਂ ਦੀ ਨੁਮਾਇੰਦਾ ਕਮੇਟੀ ਨੂੰ ਸ਼ਾਮਲ ਕੀਤਾ ਗਿਆ ਹੈ। ਅੱਜ ਦੀ ਸੈਂਪਲਿੰਗ ਅਤੇ ਜਾਂਚ ਇਸੇ ਕਮੇਟੀ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ।

ਮੌਜੂਦਾ ਜਾਂਚ ਮੁਹਿੰਮ ਤਹਿਤ ਨੈਸ਼ਨਲ ਇੰਸਟੀਚਿਊਟ ਆਫ਼ ਹਾਈਡ੍ਰੋਲੋਜੀ, ਰੁੜਕੀ ਦੇ ਮਾਹਿਰਾਂ ਵੱਲੋਂ ਫੈਕਟਰੀ ਦੇ ਅੰਦਰਲੇ ਦੋ ਬੋਰਵੈੱਲਾਂ ਤੋਂ ਇਲਾਵਾ ਅਪਸਟ੍ਰੀਮ ਖੇਤਰ ਵਿੱਚ ਪੈਂਦੇ ਪਿੰਡ ਜਹਾਂਗੀਰ ਅਤੇ ਡਾਊਨਸਟ੍ਰੀਮ ਖੇਤਰਾਂ ਵਿੱਚ ਪੈਂਦੇ ਪਿੰਡ ਘਨੌਰੀ ਕਲਾਂ, ਕਾਲਾਬੂਲਾ ਅਤੇ ਬਮਾਲ ਦੇ ਬੋਰਵੈੱਲਾਂ ਵਿੱਚੋਂ ਪਾਣੀ ਦੇ ਨਮੂਨੇ ਇਕੱਤਰ ਕੀਤੇ ਜਾ ਰਹੇ ਹਨ। ਮਾਹਿਰ ਟੀਮਾਂ ਵੱਲੋਂ ਫੈਕਟਰੀ ਦੇ ਅੰਦਰ ਅਤੇ ਬਾਹਰ ਉਨ੍ਹਾਂ ਸਥਾਨਾਂ ਤੋਂ ਮਿੱਟੀ ਅਤੇ ਸੁਆਹ ਦੇ ਨਮੂਨੇ ਲਏ ਜਾ ਰਹੇ ਹਨ, ਜਿੱਥੇ ਸੁਆਹ ਪਾਈ ਗਈ ਹੈ, ਤਾਂ ਜੋ ਮਿੱਟੀ ਦੀ ਗੁਣਵੱਤਾ ਅਤੇ ਇਸ ‘ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਜਾ ਸਕੇ। ਇਹ ਨਮੂਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੂੰ ਭੇਜੇ ਜਾਣਗੇ। ਇਸੇ ਤਰ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵਿਸ਼ੇਸ਼ ਟੀਮ ਵੱਲੋਂ ਫੈਕਟਰੀ ਦੀ ਚਿਮਨੀ ਅਤੇ ਆਲੇ-ਦੁਆਲੇ ਦੇ ਖੇਤਰ ਦੀ ਹਵਾ ਦੀ ਗੁਣਵੱਤਾ ਦੇ ਨਮੂਨੇ ਲਏ ਜਾ ਰਹੇ ਹਨ।

ਇਸ ਤੋਂ ਇਲਾਵਾ ਖੇਤੀਬਾੜੀ ਅਤੇ ਭੂਮੀ ਰੱਖਿਆ ਵਿਭਾਗ ਨੂੰ ਆਸ-ਪਾਸ ਦੇ ਖੇਤਾਂ ਵਿੱਚ ਫਸਲਾਂ ਦੇ ਝਾੜ ਅਤੇ ਮਿੱਟੀ ਦੀ ਸਿਹਤ ਸਬੰਧੀ ਵਿਸਤ੍ਰਿਤ ਸਰਵੇਖਣ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ, ਤਾਂ ਜੋ ਫੈਕਟਰੀ ਦੇ ਆਲੇ-ਦੁਆਲੇ ਦੇ ਖੇਤੀਬਾੜੀ ਖੇਤਰਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇ।

ਪਿੰਡ ਵਾਸੀਆਂ ਵੱਲੋਂ ਪ੍ਰਗਟਾਈਆਂ ਗਈਆਂ ਸਿਹਤ ਸਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਭਲਕੇ ਤੋਂ ਪਿੰਡ ਵਿੱਚ ਵਿਸ਼ੇਸ਼ ਮੈਡੀਕਲ ਸਕ੍ਰੀਨਿੰਗ ਕੈਂਪ ਵੀ ਲਗਾਏ ਜਾਣਗੇ। ਇਸ ਸਬੰਧੀ ਵੱਖ-ਵੱਖ ਹਸਪਤਾਲਾਂ ਅਤੇ ਮੈਡੀਕਲ ਟੀਮਾਂ ਨਾਲ ਤਾਲਮੇਲ ਕੀਤਾ ਗਿਆ ਹੈ, ਤਾਂ ਜੋ ਪਿੰਡ ਵਾਸੀਆਂ ਦੀ ਮੁਫ਼ਤ ਸਿਹਤ ਜਾਂਚ ਕਰਕੇ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਲੋੜ ਅਨੁਸਾਰ ਇਲਾਜ ਯਕੀਨੀ ਬਣਾਇਆ ਜਾ ਸਕੇ।

ਐੱਸ.ਡੀ.ਐੱਮ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਪ੍ਰਕਿਰਿਆ ‘ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੀਆਂ ਸਬੰਧਤ ਸੰਸਥਾਵਾਂ ਦੇ ਸਹਿਯੋਗ ਨਾਲ ਵਿਗਿਆਨਕ ਢੰਗ ਨਾਲ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਾਤਾਵਰਣ ਸਬੰਧੀ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਹੋਵੇ ਅਤੇ ਇਲਾਕਾ ਨਿਵਾਸੀਆਂ ਦੀ ਸਿਹਤ ਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ।