ਮੁੰਬਈ ’ਚ ਪ੍ਰਿੰਸ ਵਿਲੀਅਮ ਨੇ ਚਲਾਇਆ ਰਿਕਸ਼ਾ, ਪਿੱਛੇ ਬੈਠੀ ਨਜ਼ਰ ਆਈ ਪ੍ਰਿੰਸੈਸ ਕੇਟ

Top Trending News ਕੌਮਾਂਤਰੀ ਰਾਸ਼ਟਰੀ
  • ਮੁੰਬਈ ’ਚ ਪ੍ਰਿੰਸ ਵਿਲੀਅਮ ਨੇ ਚਲਾਇਆ ਰਿਕਸ਼ਾ, ਪਿੱਛੇ ਬੈਠੀ ਨਜ਼ਰ ਆਈ ਪ੍ਰਿੰਸੈਸ ਕੇਟ

ਮੁੰਬਈ, 17 ਨਵੰਬਰ (ਦੇਸ਼ ਕਲਿੱਕ ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਪ੍ਰਿੰਸੈਸ ਕੇਟ ਭਾਰਤ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਮੁੰਬਈ ਵਿੱਚ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ। ਪ੍ਰਿੰਸ ਵਿਲੀਅਮ ਨੇ ਟੁਕ-ਟੁਕ (ਆਟੋ ਰਿਕਸ਼ਾ) ਚਲਾਇਆ, ਜਦਕਿ ਪ੍ਰਿੰਸੈਸ ਕੇਟ ਪਿੱਛੇ ਬੈਠੀ ਦਿਖਾਈ ਦਿੱਤੀ। ਦੋਵੇਂ ਅਰਥਸ਼ਾਟ ਪ੍ਰਾਈਜ਼ ਦੇ ਪ੍ਰੋਗਰਾਮ ਵਿੱਚ ਪਹੁੰਚੇ। ਟੁਕ-ਟੁਕ ’ਤੇ ਅਰਥਸ਼ਾਟ ਦਾ ਲੋਗੋ ਲੱਗਿਆ ਹੋਇਆ ਸੀ। ਇਸ ਤਰ੍ਹਾਂ ਸਮਾਗਮ ਵਿੱਚ ਪਹੁੰਚਣ ਬਾਰੇ ਕੇਟ ਨੇ ਕਿਹਾ ਕਿ ਇੱਥੇ ਆਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਦੋਵਾਂ ਨੇ ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ ਪ੍ਰੋਮੇਨੇਡ ਵਿਖੇ ਸਾਲ 2026 ਦੇ ਅਰਥਸ਼ਾਟ ਪ੍ਰਾਈਜ਼ ਦੇ ਫਾਈਨਲਿਸਟਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਹ ਅੱਜ ਈ-ਰਿਕਸ਼ਾ ਦੀ ਸਵਾਰੀ ਵੀ ਕਰਨਗੇ।

ਜੇਤੂਆਂ ਨੂੰ ਮਿਲਣਗੇ 11-11 ਕਰੋੜ ਰੁਪਏ
ਪ੍ਰਿੰਸ ਵਿਲੀਅਮ ਨੇ ਕਰੀਬ 6 ਸਾਲ ਪਹਿਲਾਂ ਅਰਥਸ਼ਾਟ ਪ੍ਰਾਈਜ਼ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਵਾਤਾਵਰਣ ਨਾਲ ਜੁੜੀਆਂ ਸਮੱਸਿਆਵਾਂ ਦੇ ਨਵੇਂ ਹੱਲ ਲੱਭਣ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਹਰ ਸਾਲ 5 ਜੇਤੂ ਚੁਣੇ ਜਾਂਦੇ ਹਨ ਅਤੇ ਹਰੇਕ ਨੂੰ 10 ਲੱਖ ਪੌਂਡ, ਯਾਨੀ ਕਰੀਬ 11 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਮੁੰਬਈ ਵਿੱਚ ਅੱਜ ਇਸ ਪੁਰਸਕਾਰ ਦਾ ਛੇਵਾਂ ਸਮਾਰੋਹ ਹੋਵੇਗਾ। ਕੇਨਸਿੰਗਟਨ ਪੈਲੇਸ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਹੋਵੇਗਾ। ਇਸ ਵਾਰ ਭਾਰਤ ਦੇ 24 ਸੂਬਿਆਂ ਦੇ 15 ਹਜ਼ਾਰ ਸਕੂਲਾਂ ਤੱਕ ਵੀ ਇਸ ਪ੍ਰੋਗਰਾਮ ਨੂੰ ਪਹੁੰਚਾਇਆ ਗਿਆ ਹੈ। ਭਾਰਤ ਦੀ ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਕੰਪਨੀ ਵੀ ਇਸ ਸਾਲ ਦੇ ਫਾਈਨਲਿਸਟਾਂ ਵਿੱਚ ਸ਼ਾਮਲ ਹੈ, ਜੋ ਇਲੈਕਟ੍ਰਿਕ ਤਿੰਨ ਪਹੀਆ ਵਾਹਨ ਬਣਾਉਂਦੀ ਹੈ।

ਪਹਿਲੀ ਵਾਰ ਬੱਚਿਆਂ ਲਈ ਵੀ ਹੋਵੇਗਾ ਅਰਥਸ਼ਾਟ ਐਵਾਰਡ
ਇਸ ਵਾਰ ਪਹਿਲੀ ਵਾਰ ਬੱਚਿਆਂ ਲਈ ਚਿਲਡਰਨਜ਼ ਅਰਥਸ਼ਾਟ ਐਵਾਰਡ ਸਮਾਰੋਹ ਵੀ ਕਰਵਾਇਆ ਜਾਵੇਗਾ। ਇਸ ਵਿੱਚ 9 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੇ ਕੰਮਾਂ ਅਤੇ ਪੇਸ਼ ਕੀਤੇ ਵਿਚਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਸਚਿਨ ਤੇ ਆਲੀਆ ਭੱਟ ਸਮੇਤ ਕਈ ਹਸਤੀਆਂ ਕਰਨਗੀਆਂ ਸ਼ਿਰਕਤ
ਅਰਥਸ਼ਾਟ ਪ੍ਰਾਈਜ਼ ਦੀ ਐਵਾਰਡ ਨਾਈਟ ਵਿੱਚ ਕ੍ਰਿਕਟਰ ਸਚਿਨ ਤੇਂਦੁਲਕਰ, ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰੈਮੀ ਮਾਲੇਕ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਣਗੀਆਂ। ਫਿਲਮ ਨਿਰਮਾਤਾ ਕਰਨ ਜੌਹਰ ਸਮਾਗਮ ਦੀ ਮੇਜ਼ਬਾਨੀ ਕਰਨਗੇ। ਗਾਇਕਾ ਸ਼੍ਰੇਆ ਘੋਸ਼ਾਲ ਬ੍ਰਿਟਿਸ਼ ਬੈਂਡ ‘ਟੇਕ ਦੈਟ’ ਨਾਲ ਪੇਸ਼ਕਾਰੀ ਦੇਵੇਗੀ। ਇਸ ਤੋਂ ਇਲਾਵਾ ਸੰਗੀਤਕਾਰ ਮਰਲਿਨ ਡਿਸੂਜ਼ਾ ਦੀ ਅਗਵਾਈ ਹੇਠ ਅਰਥਸ਼ਾਟ ਆਰਕੈਸਟਰਾ ਅਤੇ ਭਾਰਤ ਦਾ ਪਹਿਲਾ ਆਲ-ਫੀਮੇਲ ਹਿੱਪ-ਹੌਪ ਗਰੁੱਪ ‘ਵਾਈਲਡ ਵਾਈਲਡ ਵੂਮੈਨ’ ਵੀ ਆਪਣੀ ਪੇਸ਼ਕਾਰੀ ਦੇਵੇਗਾ।

ਭਾਰਤ ਤੋਂ ਸਭ ਤੋਂ ਵੱਧ ਜੇਤੂ ਅਤੇ ਫਾਈਨਲਿਸਟ
ਅਰਥਸ਼ਾਟ ਪ੍ਰਾਈਜ਼ ਅਨੁਸਾਰ ਹੁਣ ਤੱਕ ਭਾਰਤ ਤੋਂ ਸਭ ਤੋਂ ਵੱਧ ਜੇਤੂ ਅਤੇ ਫਾਈਨਲਿਸਟ ਚੁਣੇ ਗਏ ਹਨ। ਇਹ ਪੁਰਸਕਾਰ ਜਲਵਾਯੂ ਤਬਦੀਲੀ, ਕੂੜਾ ਪ੍ਰਬੰਧਨ, ਹਵਾ ਪ੍ਰਦੂਸ਼ਣ, ਸਮੁੰਦਰੀ ਵਾਤਾਵਰਣ ਦੀ ਸੰਭਾਲ ਅਤੇ ਜੈਵ-ਵਿਭਿੰਨਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਅਰਥਸ਼ਾਟ ਪ੍ਰਾਈਜ਼ ਦੇ ਸੀਈਓ ਜੇਸਨ ਨੌਫ ਨੇ ਕਿਹਾ ਕਿ ਮੁੰਬਈ ਵਿੱਚ ਹੋਣ ਵਾਲਾ ਸਮਾਰੋਹ ਭਾਰਤ ਦੇ ਵਾਤਾਵਰਣ ਸਬੰਧੀ ਯਤਨਾਂ, ਨਵੀਆਂ ਕਾਢਾਂ ਅਤੇ ਸੱਭਿਆਚਾਰ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਵੱਡਾ ਮੌਕਾ ਹੈ।

18 ਨਵੰਬਰ ਨੂੰ ਦਿੱਲੀ ’ਚ PM ਮੋਦੀ ਨਾਲ ਮੁਲਾਕਾਤ
ਮੁੰਬਈ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਪ੍ਰਿੰਸ ਵਿਲੀਅਮ ਅਤੇ ਪ੍ਰਿੰਸੈਸ ਕੇਟ 18 ਨਵੰਬਰ ਨੂੰ ਦਿੱਲੀ ਜਾਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦਾ ਭਾਰਤ ਦੌਰਾ ਸਮਾਪਤ ਹੋ ਜਾਵੇਗਾ। ਬ੍ਰਿਟੇਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਅਨੁਸਾਰ ਇਹ ਦੌਰਾ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਹੈ। ਭਾਰਤ ਅਤੇ ਬ੍ਰਿਟੇਨ ਤਕਨਾਲੋਜੀ, ਨਿਵੇਸ਼, ਸਵੱਛ ਊਰਜਾ, ਸਿੱਖਿਆ ਅਤੇ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾ ਰਹੇ ਹਨ।