- ਧੋਨੀ ਨੇ IPL ਤੋਂ ਲਿਆ ਸੰਨਿਆਸ, CSK ਨੇ ਬਣਾਇਆ ਟੀਮ ਦਾ ਮੈਂਟਰ
- ਚੇਨਈ ਨੂੰ 5 ਵਾਰ ਜਿਤਾਇਆ IPL ਖਿਤਾਬ
ਚੇੱਨਈ, 17 ਨਵੰਬਰ (ਦੇਸ਼ ਕਲਿੱਕ ਬਿਊਰੋ): ਭਾਰਤੀ ਕ੍ਰਿਕਟ ਦੇ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ IPL ਤੋਂ ਸੰਨਿਆਸ ਲੈ ਲਿਆ ਹੈ। ਚੇਨਈ ਸੁਪਰ ਕਿੰਗਜ਼ (CSK) ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਟੀਮ ਦਾ ਮੈਂਟਰ ਨਿਯੁਕਤ ਕੀਤਾ। ਧੋਨੀ ਨੇ 19 ਸਾਲ IPL ਵਿੱਚ ਖੇਡਿਆ, ਜਿਸ ਵਿੱਚੋਂ 17 ਸੀਜ਼ਨ ਉਨ੍ਹਾਂ ਨੇ ਚੇਨਈ ਦੀ ਟੀਮ ਨਾਲ ਬਿਤਾਏ। ਸਾਲ 2016 ਅਤੇ 2017 ਵਿੱਚ ਚੇਨਈ ਦੀ ਟੀਮ ’ਤੇ ਪਾਬੰਦੀ ਲੱਗਣ ਕਾਰਨ ਉਹ ਰਾਈਜ਼ਿੰਗ ਪੁਣੇ ਸੁਪਰਜਾਇੰਟ ਵੱਲੋਂ ਖੇਡੇ ਸਨ। ਧੋਨੀ ਨੇ IPL ਕਰੀਅਰ ਦੌਰਾਨ 278 ਮੈਚ ਖੇਡਦਿਆਂ 5,314 ਦੌੜਾਂ ਬਣਾਈਆਂ। ਉਨ੍ਹਾਂ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਨੇ 5 ਵਾਰ IPL ਅਤੇ 2 ਵਾਰ ਚੈਂਪੀਅਨਜ਼ ਲੀਗ T20 ਦਾ ਖਿਤਾਬ ਜਿੱਤਿਆ।
CSK ਦੀ ਮਾਲਕ ਰੂਪਾ ਗੁਰਨਾਥ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਧੋਨੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਖੁਦ ਵੀ ਪਤਾ ਨਹੀਂ ਕਿ ਉਹ ਅਗਲੇ ਸੀਜ਼ਨ ਵਿੱਚ ਖੇਡ ਸਕਣਗੇ ਜਾਂ ਨਹੀਂ। ਸ਼ਨੀਵਾਰ ਨੂੰ ਵੀਡੀਓ ਕਾਲ ਰਾਹੀਂ 2027 ਦੇ ਸੀਜ਼ਨ ਲਈ ਰਿਲੀਜ਼ ਕੀਤੇ ਜਾਣ ਵਾਲੇ ਖਿਡਾਰੀਆਂ ਦੇ ਨਾਂ ਤੈਅ ਕੀਤੇ ਜਾ ਰਹੇ ਸਨ। ਇਸ ਦੌਰਾਨ ਧੋਨੀ ਨੇ ਹੌਲੀ ਜਿਹੇ ਕਿਹਾ ਕਿ ਸੂਚੀ ਵਿੱਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਕਰ ਲਿਆ ਜਾਵੇ।
ਧੋਨੀ ਤੋਂ ਬਿਨਾਂ CSK ਦੀ ਕਲਪਨਾ ਨਹੀਂ: ਸ੍ਰੀਨਿਵਾਸਨ
CSK ਦੇ ਮਾਲਕ ਐੱਨ. ਸ੍ਰੀਨਿਵਾਸਨ ਨੇ ਕਿਹਾ ਕਿ ਧੋਨੀ ਤੋਂ ਬਿਨਾਂ ਚੇਨਈ ਸੁਪਰ ਕਿੰਗਜ਼ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾ ਕਰੀਬ 20 ਸਾਲਾਂ ਤੋਂ ਧੋਨੀ ਨਾਲ ਸਬੰਧ ਹੈ। ਸ੍ਰੀਨਿਵਾਸਨ ਮੁਤਾਬਕ, ਸਾਲ 2008 ਵਿੱਚ ਉਨ੍ਹਾਂ ਨੇ ਹੀ ਧੋਨੀ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸੀ, ਜੋ ਉਨ੍ਹਾਂ ਦਾ ਸਭ ਤੋਂ ਵਧੀਆ ਫੈਸਲਾ ਸਾਬਤ ਹੋਇਆ। ਧੋਨੀ ਹਮੇਸ਼ਾ CSK ਦੀ ਪਛਾਣ ਰਹਿਣਗੇ ਅਤੇ ਇਹ ਟੀਮ ਉਨ੍ਹਾਂ ਦਾ ਘਰ ਰਹੇਗੀ।
ਪਿਛਲੇ ਸੀਜ਼ਨ ਸੱਟ ਕਾਰਨ ਨਹੀਂ ਖੇਡੇ ਇੱਕ ਵੀ ਮੈਚ
ਸਾਲ 2026 ਵਿੱਚ ਸੱਟ ਕਾਰਨ ਧੋਨੀ ਚੇਨਈ ਸੁਪਰ ਕਿੰਗਜ਼ ਵੱਲੋਂ ਇੱਕ ਵੀ ਮੈਚ ਨਹੀਂ ਖੇਡ ਸਕੇ। ਉਨ੍ਹਾਂ ਨੇ ਆਪਣਾ ਆਖਰੀ IPL ਮੈਚ 20 ਮਈ 2025 ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡਿਆ ਸੀ, ਜਿਸ ਵਿੱਚ ਉਨ੍ਹਾਂ ਨੇ 16 ਦੌੜਾਂ ਬਣਾਈਆਂ ਸਨ।
4 ਮਹੀਨੇ ਪਹਿਲਾਂ ਹੀ ਧੋਨੀ ਦੇ ਮੈਂਟਰ ਬਣਨ ਦੀ ਖ਼ਬਰ ਆਈ ਸੀ
ਰਿਪੋਰਟ ਮੁਤਾਬਕ, ਦੈਨਿਕ ਭਾਸਕਰ ਨੇ ਕਰੀਬ 4 ਮਹੀਨੇ ਪਹਿਲਾਂ ਹੀ ਧੋਨੀ ਨੂੰ CSK ਦਾ ਮੈਂਟਰ ਬਣਾਏ ਜਾਣ ਦੀ ਸੰਭਾਵਨਾ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ਰਿਪੋਰਟ ਵਿੱਚ ਟੀਮ ਵੱਲੋਂ ਨਵੇਂ ਕਪਤਾਨ ਦੀ ਭਾਲ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਸੀ। ਸੰਜੂ ਸੈਮਸਨ ਨੂੰ ਇਸ ਦੌੜ ਵਿੱਚ ਸਭ ਤੋਂ ਅੱਗੇ ਦੱਸਿਆ ਗਿਆ ਸੀ।





