ਵੱਡੀ ਖ਼ਬਰ: ਭਾਜਪਾ ਵਿਧਾਇਕ ਦੇ ਕਾਫ਼ਲੇ ਵਿੱਚ ਸਕਾਰਪੀਓ ਨੇ ਮਾਰੀ ਟੱਕਰ, ਵਿਧਾਇਕ ਦੀ ਗੱਡੀ ਪਲਟੀ
ਚੰਦੌਲੀ 24 ਨਵੰਬਰ 2026- ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਵਿੱਚ ਭਾਜਪਾ ਵਿਧਾਇਕ ਸੁਸ਼ੀਲ ਸਿੰਘ ਦੇ ਕਾਫ਼ਲੇ ਨਾਲ ਇੱਕ ਸੜਕ ਹਾਦਸਾ ਵਾਪਰ ਗਿਆ। ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਕਾਫ਼ਲੇ ਵਿੱਚ ਦਾਖ਼ਲ ਹੋ ਗਈ ਅਤੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਵਿਧਾਇਕ ਦੀ ਗੱਡੀ ਪਲਟ ਗਈ, ਜਦਕਿ ਕਾਫ਼ਲੇ ਦੀਆਂ ਤਿੰਨ ਗੱਡੀਆਂ ਨੁਕਸਾਨੀਆਂ ਗਈਆਂ।
ਸੈਯਦਰਾਜਾ ਤੋਂ ਭਾਜਪਾ ਵਿਧਾਇਕ ਸੁਸ਼ੀਲ ਸਿੰਘ ਅਨੁਸਾਰ, ਉਨ੍ਹਾਂ ਦੇ ਕਾਫ਼ਲੇ ਵਿੱਚ ਪਿੱਛੇ ਲਗਭਗ 15 ਅਤੇ ਅੱਗੇ ਪੰਜ ਗੱਡੀਆਂ ਚੱਲ ਰਹੀਆਂ ਸਨ। ਇਸੇ ਦੌਰਾਨ ਇੱਕ ਚਿੱਟੀ ਸਕਾਰਪੀਓ ਨੇ ਉਨ੍ਹਾਂ ਦੀ ਗੱਡੀ ਨੂੰ ਪਿੱਛੇ ਛੱਡਦਿਆਂ ਅੱਗੇ ਜਾ ਰਹੇ ਵਾਹਨ ਵਿੱਚ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਈ ਹੋਰ ਗੱਡੀਆਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ।
ਕਾਫ਼ਲੇ ਵਿੱਚ ਮੌਜੂਦ ਲੋਕਾਂ ਨੇ ਸਕਾਰਪੀਓ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਚਾਲਕ ਨੇ ਆਪਣੇ ਆਪ ਨੂੰ ਸਥਾਨਕ ਵਸਨੀਕ ਦੱਸਿਆ।
ਵਿਧਾਇਕ ਸੁਸ਼ੀਲ ਸਿੰਘ ਨੇ ਇਸ ਘਟਨਾ ਨੂੰ ਸ਼ੱਕੀ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਸਬੰਧੀ ਪੁਲਿਸ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਉਣਗੇ।





