ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਦਾ ਇਹ ਸਿਆਸੀ ਸਮਝੌਤਾ ਪੰਜਾਬ ਵਿੱਚ ਦੋਵਾਂ ਪਾਰਟੀਆਂ ਲਈ ਸਾਬਤ ਹੋਵੇਗਾ ਆਖ਼ਰੀ ਕਿੱਲ – ਪਰਗਟ ਸਿੰਘ

Top Trending News ਪੰਜਾਬ
  • ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਦਾ ਇਹ ਸਿਆਸੀ ਸਮਝੌਤਾ ਪੰਜਾਬ ਵਿੱਚ ਦੋਵਾਂ ਪਾਰਟੀਆਂ ਲਈ ਸਾਬਤ ਹੋਵੇਗਾ ਆਖ਼ਰੀ ਕਿੱਲ – ਪਰਗਟ ਸਿੰਘ
  • ਦਿੱਲੀ ਵਾਲੇ ਧਾੜਵੀਆਂ ਦੀ ਫੂਕ ਨਿਕਲ ਗਈ, ਹੁਣ ਧਾੜਵੀ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਨੂੰ ਵੀ ਭਜਾਉਣਗੇ: ਪਰਗਟ ਸਿੰਘ
  • ਭਾਜਪਾ-ਅਕਾਲੀ ਦਲ ਦਾ ਮੁੜ ਗੱਠਜੋੜ ਦਿਸ਼ਾਹੀਣ, ਤਰਕਹੀਣ ਅਤੇ ਪੂਰੀ ਤਰ੍ਹਾਂ ਮੌਕਾਪ੍ਰਸਤ ਸਿਆਸਤ ਦਾ ਪ੍ਰਤੀਕ: ਪਰਗਟ ਸਿੰਘ
  • ਕਿਸਾਨਾਂ ਨਾਲ ਗੱਦਾਰੀ, ਨਸ਼ਿਆਂ ਅਤੇ ਬੇਅਦਬੀ ਦੇ ਦਾਗ਼ਾਂ ਸਮੇਤ ਦੋਵੇਂ ਪਾਰਟੀਆਂ ਪਹਿਲਾਂ ਆਪਣੇ ਦਸ ਸਾਲਾਂ ਦਾ ਹਿਸਾਬ ਦੇਣ

ਚੰਡੀਗੜ੍ਹ, 24 ਨਵੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਮੁੜ ਹੋਣ ਜਾ ਰਹੇ ਗੱਠਜੋੜ ਨੂੰ ਦਿਸ਼ਾਹੀਣ, ਤਰਕਹੀਣ ਅਤੇ ਪੂਰੀ ਤਰ੍ਹਾਂ ਮੌਕਾਪ੍ਰਸਤ ਸਿਆਸਤ ਦਾ ਪ੍ਰਤੀਕ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ। ਪੰਜਾਬ ਦੇ ਲੋਕਾਂ ਨੇ ਪਹਿਲਾਂ ਬੀ-ਟੀਮ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਧਾੜਵੀਆਂ ਦੀ ਫੂਕ ਕੱਢੀ ਹੈ ਅਤੇ ਹੁਣ ਸਿੱਧੇ ਮੈਦਾਨ ਵਿੱਚ ਉਤਰੀ ਏ-ਟੀਮ ਦੇ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਨੂੰ ਵੀ ਭਜਾਉਣਗੇ। ਇਹ ਸਿਆਸੀ ਸਮਝੌਤਾ ਸ਼ਾਹ ਅਤੇ ਬਾਦਲ ਦੀ ਸਿਆਸਤ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੋਵਾਂ ਪਾਰਟੀਆਂ ਨੇ ਆਪਣੇ ਸ਼ਾਸਨਕਾਲ ਦੌਰਾਨ ਪੰਜਾਬ ਦੇ ਹਿੱਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਵਾਰ ਲੋਕਾਂ ਦਾ ਇਰਾਦਾ ਸਿਰਫ਼ ਅਕਾਲੀ ਦਲ ਨੂੰ ਸਬਕ ਸਿਖਾਉਣ ਦਾ ਨਹੀਂ, ਸਗੋਂ ਭਾਜਪਾ ਨੂੰ ਵੀ ਉਸ ਦੀ ਅਸਲ ਸਿਆਸੀ ਹੈਸੀਅਤ ਦਿਖਾਉਣ ਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਗੱਠਜੋੜ ਕਾਂਗਰਸ ਲਈ ਕੋਈ ਚੁਣੌਤੀ ਨਹੀਂ, ਬਲਕਿ ਫ਼ਾਇਦੇਮੰਦ ਸਾਬਤ ਹੋਵੇਗਾ। ਰਾਹੁਲ ਗਾਂਧੀ ਦੀ ਵਿਚਾਰਧਾਰਾ ਅਤੇ ਕਾਂਗਰਸ ਦੀ ਸਿਆਸਤ ਦੇ ਲਿਹਾਜ਼ ਨਾਲ ਵੀ ਇਹ ਫ਼ੈਸਲਾ ਸਕਾਰਾਤਮਕ ਹੈ।

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਦਾ ਦੌਰ ਦੇਖ ਚੁੱਕੇ ਹਨ। ਲੋਕਾਂ ਦੇ ਦਬਾਅ ਕਾਰਨ ਹੀ ਦੋਵਾਂ ਪਾਰਟੀਆਂ ਨੂੰ ਵੱਖ ਹੋਣਾ ਪਿਆ ਸੀ। ਅੱਜ ਵੀ ਪੰਜਾਬ ਦੇ ਬੁਨਿਆਦੀ ਮੁੱਦੇ ਜਿਉਂ ਦੇ ਤਿਉਂ ਹਨ, ਪਰ ਇਨ੍ਹਾਂ ਪਾਰਟੀਆਂ ਕੋਲ ਇਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਅਕਾਲੀ ਲੀਡਰਸ਼ਿਪ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਹੋਏ ਨੁਕਸਾਨ ਨੂੰ ਲੋਕ ਕਦੇ ਨਹੀਂ ਭੁੱਲ ਸਕਦੇ। ਦੂਜੇ ਪਾਸੇ, ਪਿਛਲੇ 13 ਸਾਲਾਂ ਤੋਂ ਕੇਂਦਰ ਦੀ ਸੱਤਾ ਵਿੱਚ ਕਾਬਜ਼ ਭਾਜਪਾ ਨੇ ਦੇਸ਼ ਦੀਆਂ ਸੰਵਿਧਾਨਕ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ। ਅਜਿਹੀਆਂ ਪਾਰਟੀਆਂ ਤੋਂ ਪੰਜਾਬ ਦੀ ਭਲਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਮਾਂ ਬਦਲ ਚੁੱਕਾ ਹੈ ਅਤੇ ਪੰਜਾਬ ਦੀ ਜਨਤਾ ਹੁਣ ਸਿਆਸੀ ਮੌਕਾਪ੍ਰਸਤੀ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਹ ਪੁਰਾਣੇ ਸਿਆਸੀ ਸਮੀਕਰਨਾਂ ਦੇ ਝਾਂਸੇ ਵਿੱਚ ਆਉਣ ਵਾਲੀ ਨਹੀਂ ਹੈ।

ਪਰਗਟ ਸਿੰਘ ਨੇ ਕਿਹਾ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ‘ਤੇ ਰਾਜ ਕੀਤਾ। ਇਸੇ ਦੌਰਾਨ ਨਸ਼ਿਆਂ ਦੀ ਸਮੱਸਿਆ ਨੇ ਗੰਭੀਰ ਸੰਕਟ ਦਾ ਰੂਪ ਧਾਰਨ ਕਰ ਲਿਆ ਸੀ। ਅੱਜ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੋਣ ਦੀ ਤਿਆਰੀ ਕਰ ਰਹੀਆਂ ਹਨ, ਪਰ ਜਨਤਾ ਜਾਣਨਾ ਚਾਹੁੰਦੀ ਹੈ ਕਿ ਉਸ ਸਮੇਂ ਨਸ਼ਾ ਤਸਕਰੀ ਦੇ ਨੈੱਟਵਰਕ ਕਿਉਂ ਨਹੀਂ ਤੋੜੇ ਗਏ ਅਤੇ ਸਿਆਸੀ ਸਰਪ੍ਰਸਤੀ ਦੇ ਦੋਸ਼ਾਂ ‘ਤੇ ਕੀ ਕਾਰਵਾਈ ਕੀਤੀ ਗਈ? ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ 2020 ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਐਨਡੀਏ ਛੱਡਿਆ ਸੀ। ਹੁਣ ਭਾਜਪਾ ਨੇ ਅਜਿਹਾ ਕੀ ਬਦਲ ਲਿਆ ਹੈ ਕਿ ਦੋਵੇਂ ਪਾਰਟੀਆਂ ਮੁੜ ਗਲਵਕੜੀ ਪਾਉਣ ਜਾ ਰਹੀਆਂ ਹਨ?

ਪੀਪੀਸੀਸੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਸਪੱਸ਼ਟ ਕਰਨ ਕਿ ਕੀ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ, ਫ਼ਸਲਾਂ ਦੀ ਖ਼ਰੀਦ ਦੀ ਸੁਰੱਖਿਆ ਅਤੇ ਕਰਜ਼ੇ ਤੋਂ ਰਾਹਤ ਸਬੰਧੀ ਕੋਈ ਲਿਖਤੀ ਭਰੋਸਾ ਮਿਲਿਆ ਹੈ? ਜੇਕਰ ਨਹੀਂ, ਤਾਂ ਇਹ ਗੱਠਜੋੜ ਕਿਸਾਨਾਂ ਦੇ ਹਿੱਤਾਂ ਲਈ ਨਹੀਂ, ਸਗੋਂ ਚੋਣਾਂ ਵਿੱਚ ਸੀਟਾਂ ਅਤੇ ਸੱਤਾ ਦੀ ਹਿੱਸੇਦਾਰੀ ਲਈ ਕੀਤਾ ਗਿਆ ਸਮਝੌਤਾ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਸਾਲ 2025 ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ 292 ਡਰੋਨ/ਯੂਏਵੀ ਜ਼ਬਤ ਜਾਂ ਬਰਾਮਦ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਦੱਸੇ ਕਿ ਪੰਜਾਬ ਵਿੱਚ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਕਿੰਨੇ ਨੈੱਟਵਰਕ ਤਬਾਹ ਕੀਤੇ ਗਏ ਅਤੇ ਕਿੰਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਗਈਆਂ?

ਸਰਦਾਰ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ, ਫਿਰੌਤੀਆਂ ਅਤੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਗੰਭੀਰ ਚੁਣੌਤੀ ਬਣੀਆਂ ਹੋਈਆਂ ਹਨ। ਅਕਾਲੀ-ਭਾਜਪਾ ਗੱਠਜੋੜ ਦੱਸੇ ਕਿ ਆਪਣੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਇਨ੍ਹਾਂ ਨੈੱਟਵਰਕਾਂ ਖ਼ਿਲਾਫ਼ ਕੀ ਠੋਸ ਕਾਰਵਾਈ ਕੀਤੀ ਗਈ ਸੀ। ਬਰਗਾੜੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2015 ਦੀਆਂ ਘਟਨਾਵਾਂ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਜ਼ਿੰਦਾ ਹਨ। ਉਸ ਸਮੇਂ ਦੀ ਸਰਕਾਰ ਨੂੰ ਦੱਸਣਾ ਪਵੇਗਾ ਕਿ ਧਾਰਮਿਕ ਬੇਅਦਬੀਆਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਉਸ ਨੇ ਕੀ ਕੀਤਾ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਿਆਸੀ ਮੌਕਾਪ੍ਰਸਤੀ ਅਤੇ ਸੱਤਾ ਦੀ ਖ਼ਾਤਰ ਕੀਤੇ ਜਾਣ ਵਾਲੇ ਗੱਠਜੋੜਾਂ ਤੋਂ ਤੰਗ ਆ ਚੁੱਕੀ ਹੈ। ਭਾਜਪਾ ਅਤੇ ਅਕਾਲੀ ਦਲ ਦੱਸਣ ਕਿ ਉਨ੍ਹਾਂ ਦੇ ਪੁਰਾਣੇ ਨੀਤੀਗਤ ਮਤਭੇਦ ਕਿਵੇਂ ਖ਼ਤਮ ਹੋ ਗਏ ਅਤੇ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਕੋਲ ਕੀ ਠੋਸ ਯੋਜਨਾ ਹੈ। ਜਿਹੜੀਆਂ ਪਾਰਟੀਆਂ ਆਪਣੇ ਪੁਰਾਣੇ ਸ਼ਾਸਨ ਦਾ ਹਿਸਾਬ ਨਹੀਂ ਦੇ ਸਕਦੀਆਂ, ਉਹ ਪੰਜਾਬ ਦੇ ਭਵਿੱਖ ਦੀ ਗਾਰੰਟੀ ਕਿਵੇਂ ਦੇਣਗੀਆਂ? ਇਹ ਗੱਠਜੋੜ ਪੰਜਾਬ ਦੇ ਹਿੱਤਾਂ ਲਈ ਨਹੀਂ, ਸਗੋਂ ਆਪਣੀ ਸਿਆਸੀ ਦੁਕਾਨ ਬਚਾਉਣ ਲਈ ਕੀਤਾ ਗਿਆ ਸਮਝੌਤਾ ਹੈ।