ਖੇਤੀਬਾੜੀ ਮੰਤਰੀ ਖੁੱਡੀਆਂ ਨੇ ਮੁੱਖ ਮੰਤਰੀ ਬਦਲਣ ਦੀਆਂ ਅਫਵਾਹਾਂ ਨੂੰ ਮੁੱਢੋਂ ਕੀਤਾ ਰੱਦ

ਪੰਜਾਬ

· ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਜਲਦ ਠੀਕ ਹੋ ਕੇ ਕੰਮਕਾਜ ਸੰਭਾਲਣਗੇ

ਮੋਹਾਲੀ, 29 ਸਤੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥਾ ਟੇਕਿਆ।

ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੀ ਗੁ: ਸਿੰਘ ਸ਼ਹੀਦਾਂ ਵਿਖੇ ਵੱਡੀ ਆਸਥਾ ਹੈ ਅਤੇ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤਯਾਬੀ ਲਈ ਗੁਰੂ ਚਰਨਾਂ ਵਿਚ ਅਰਦਾਸ ਕਰਨ ਲਈ ਆਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਲਦ ਠੀਕ ਹੋ ਕੇ ਪੰਜਾਬ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਹੋਣਗੇ।

ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਬਦਲਣ ਦੀਆਂ ਅਫਵਾਹਾਂ ਬਾਰੇ ਪੁੱਛੇ ਸਵਾਲ ਉਤੇ ਉਹਨਾਂ ਸਾਫ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਇਹ ਤਾਂ ਵਿਰੋਧੀ ਧਿਰਾਂ ਵੱਲੋਂ ਲੋਕਾਂ ਵਿਚ ਗਲਤਫਹਿਮੀ ਫੈਲਾਉਣ ਦੀਆਂ ਹੀ ਕੋਸ਼ਿਸ਼ਾਂ ਹੁੰਦੀਆਂ ਹਨ, ਅਸਲ ਵਿਚ ਉਹਨਾਂ ਕੋਲ ਕੋਈ ਮੁੱਦਾ ਤਾਂ ਹੁੰਦਾ ਨਹੀਂ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਨ ਅਤੇ ਮੁੱਖ ਮੰਤਰੀ ਲਾਉਣ ਬਾਰੇ ਅਫਵਾਹਾਂ ਬਾਰੇ ਪੁੱਛੇ ਜਾਣ ਉਤੇ ਸ. ਖੁੱਡੀਆਂ ਨੇ ਕਿਹਾ ਕਿ ਇਸ ਬਾਰੇ ਖੁਦ ਸ. ਸੰਧਵਾਂ ਨੇ ਇਹਨਾਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਹਨਾਂ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਕਿਸੇ ਦੀ ਬਿਮਾਰੀ ਉਤੇ ਕੋਝੀ ਸਿਆਸਤ ਨਾ ਕੀਤੀ ਜਾਵੇ ਬਲਕਿ ਮੁੱਖ ਮੰਤਰੀ ਦੀ ਸਿਹਤਯਾਬੀ ਬਾਰੇ ਅਰਦਾਸ ਕੀਤੀ ਜਾਵੇ। ਉਹਨਾਂ ਅੱਗੇ ਦੱਸਿਆ ਕਿ ਉਹਨਾਂ ਦੀ ਗੱਲਬਾਤ ਮੁੱਖ ਮੰਤਰੀ ਦੇ ਪਰਿਵਾਰ ਨਾਲ ਹੋਈ ਹੈ ਅਤੇ ਕਿਹਾ ਕਿ ਭਗਵੰਤ ਸਿੰਘ ਮਾਨ ਬਿਲਕੁੱਲ ਠੀਕ ਠਾਕ ਹਨ ਅਤੇ ਡਾਕਟਰਾਂ ਦੀ ਨਿਗਰਾਨੀ ਵਿਚ ਹਨ।

ਪੰਚਾਇਤੀ ਚੋਣਾਂ ਵਿਚ ਰਾਖਵੇਂਕਰਨ ਦੀਆਂ ਧਾਂਦਲੀਆਂ ਦੇ ਦੋਸ਼ਾਂ ਬਾਰੇ ਪੁੱਛੇ ਸਵਾਲ ਉਤੇ ਸ. ਖੁੱਡੀਆਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ, ਇਹ ਤਾਂ ਪ੍ਰਸ਼ਾਸਨ ਵੱਲੋਂ ਬਾਕਾਇਦਾ ਇਕ ਰੋਸਟਰ ਮੁਤਾਬਕ ਰਾਖਵੇਂਕਰਨ ਦੀ ਪ੍ਰਕਿਰਿਆ ਤਹਿਤ ਕੀਤੀ ਜਾਂਦੀ ਹੈ।

ਪੰਜਾਬ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਅਤੇ ਪਰਾਲੀ ਪ੍ਰਬੰਧਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਕਿਸਾਨ ਵੀ ਹੁਣ ਕਾਫੀ ਸਮਝਦਾਰ ਹੋ ਚੁੱਕੇ ਹਨ। ਉਹ ਇਸਦੇ ਮਾੜੇ ਪ੍ਰਭਾਵਾਂ ਨੂੰ ਜਾਣਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਪ੍ਰਹੇਜ਼ ਕਰਨ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਬਦਲਵੇਂ ਪ੍ਰਬੰਧਾਂ ਮੁਤਾਬਕ ਸਾਂਭ-ਸੰਭਾਲ ਕੀਤੀ ਜਾਵੇ। ਕਿਸਾਨੀ ਮਸਲਿਆਂ ਬਾਰੇ ਉਹਨਾਂ ਕਿਹਾ ਕਿ ਜਦੋਂ ਵੀ ਕਿਸਾਨ ਜਥੇਬੰਦੀਆਂ ਨੇ ਰਾਬਤਾ ਕਾਇਮ ਕਰਨ ਜਾਂ ਹੋਰ ਮਸਲਿਆਂ ਉਤੇ ਗੱਲ ਕਰਨੀ ਚਾਹੀ ਹੈ ਤਾਂ ਉਹਨਾਂ ਨੇ ਹਮੇਸ਼ਾਂ ਜਥੇਬੰਦੀਆਂ ਨੂੰ ਸਮਾਂ ਦਿੱਤਾ ਹੈ ਅਤੇ ਭਵਿੱਖ ਵਿਚ ਵੀ ਉਹ ਕਿਸਾਨੀ ਮਸਲਿਆਂ ਦੇ ਹੱਲ ਲਈ ਹਰ ਸਮੇਂ ਤਿਆਰ ਹਨ।

Leave a Reply

Your email address will not be published. Required fields are marked *