ਚੰਡੀਗੜ੍ਹ, 29 ਅਪ੍ਰੈਲ: ਦੇਸ਼ ਕਲਿੱਕ ਬਿਊਰੋ:
ਪਰਿਵਾਰਕ ਅਤੇ ਸੱਭਿਆਚਾਰਕ ਗੀਤਾਂ ਦੇ ਗੀਤਕਾਰ ’ਤੇ ਸ਼ੋ੍ਮਣੀ ਗਾਇਕ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੁੱਤਰ ਦਾ ਦੇਹਾਂਤ ਹੋ ਗਿਆ ਹੈ। ਮੰਗਲਵਾਰ ਨੂੰ ਅਚਾਨਕ ਸਵੇਰੇ ਉਨ੍ਹਾਂ ਦੇ ਨੌਜਵਾਨ ਸਪੁੱਤਰ ਮਨਜੋਤ ਸਿੰਘ ਨੇ ਆਪਣੇ ਆਖਰੀ ਸਾਹ ਲਏ। ਇਹ ਜਾਣਕਾਰੀ ਪਾਲੀ ਦੇਤਵਾਲੀਆ ਦੇ ਭਤੀਜੇ ਵੱਲੋਂ ਸਾਂਝੀ ਕੀਤੀ ਗਈ ਹੈ। ਖਬਰਾਂ ਮੁਤਾਬਕ ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਦੱਸਿਆ ਜਾ ਰਿਹਾ ਹੈ। ਅੱਜ ਇਲਾਕਾ ਵਾਸੀਆਂ, ਪਾਲੀ ਦੇਤਵਾਲੀਆ ਦੇ ਪ੍ਰਸ਼ੰਸਕ ਹਜ਼ਾਰਾਂ ਪੰਜਾਬੀਆਂ ਵੱਲੋਂ ਪਿੰਡ ਦੇਵਤਵਾਲ(ਲੁਧਿਆਣਾ) ਦੇ ਸ਼ਮਸ਼ਾਨਘਾਟ ਵਿੱਚ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਮਨਜੋਤ ਸਿੰਘ ਸਿਰਫ਼ 35 ਸਾਲ ਦੇ ਸਨ ਅਤੇ ਆਪਣੇ ਪਿੱਛੇ ਉਹ ਆਪਣੀ ਪਤਨੀ ਤੇ ਮਾਸੂਮ ਬੇਟਾ ਬੇਟੀ ਨੂੰ ਪਿੱਛੇ ਛੱਡ ਗਏ ਹਨ।
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਨੇ ਲੋਕ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ (35) ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੌਂਦ ਨੇ ਕਿਹਾ ਕਿ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਸਿੱਖਿਆਤਮਕ ਗੀਤਾਂ ਜ਼ਰੀਏ ਸਮਾਜਕ ਕੁਰੀਤੀਆਂ ਬਾਰੇ ਸੁਚੇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦਾ ਬੇਵਕਤੀ ਤੁਰ ਜਾਣ ਨਾਲ ਪਰਿਵਾਰ ਨੂੰ ਨਿੱਜੀ ਘਾਟਾ ਪਿਆ ਹੈ ਜੋ ਕਦੀ ਵੀ ਪੂਰਾ ਨਹੀਂ ਹੋਣਾ।
ਸੌਂਦ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਕੋਲ ਕੋਈ ਵੀ ਅਜਿਹਾ ਸ਼ਬਦ ਨਹੀਂ ਹੈ ਜਿਸ ਨਾਲ ਪਰਿਵਾਰ ਦਾ ਘਾਟਾ ਪੂਰਿਆ ਜਾ ਸਕੇ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਹਰ ਮੌਕੇ ਖੜ੍ਹੀ ਹੈ। ਕੈਬਨਿਟ ਮੰਤਰੀ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਦੁਖੀ ਪਰਿਵਾਰ,ਮਿੱਤਰ ਅਤੇ ਸਨੇਹੀਆਂ ਨੂੰ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।



