- ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾਂ ਸ਼ਰਤ ਸਮਰਥਨ ਦਾ ਐਲਾਨ
ਚੰਡੀਗੜ੍ਹ, 12 ਮਈ 2026- ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਨੇ ਆਉਣ ਵਾਲੀਆਂ ਨਗਰ ਨਿਗਮ ਅਤੇ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼ਿੰਗਾਰਾ ਸਿੰਘ ਕਲਿਆਣ ਨੇ ਆਪਣੀ ਕੋਰ ਕਮੇਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਿਆਸੀ ਤਾਲਮੇਲ ਨੂੰ ਨੇਪਰੇ ਚਾੜ੍ਹਨ ਵਿੱਚ ਹਲਕਾ ਇੰਚਾਰਜ ਹੁਸ਼ਿਆਰਪੁਰ ਸੰਜੀਵ ਤਲਵਾੜ ਨੇ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਸ਼ਿੰਗਾਰਾ ਸਿੰਘ ਕਲਿਆਣ ਨੇ ਕਿਹਾ ਕਿ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਨੁਸੂਚਿਤ ਜਾਤੀਆਂ, ਖ਼ਾਸ ਕਰਕੇ ਵਾਲਮੀਕ ਸਮਾਜ ਦੀ ਭਲਾਈ ਲਈ ਜੋ ਇਤਿਹਾਸਕ ਕਾਰਜ ਕੀਤੇ ਹਨ, ਉਹਨਾਂ ਦਾ ਦੇਣ ਵਾਲਮੀਕ ਸਮਾਜ ਕਦੇ ਨਹੀਂ ਮੋੜ ਸਕਦਾ।
ਉਨ੍ਹਾਂ ਕਿਹਾ, “ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇ ਕੇ ਬਾਦਲ ਦੀਆਂ ਸੇਵਾਵਾਂ ਨੂੰ ਸਿਆਸੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ।” ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅੱਗੇ ਮੰਗ ਰੱਖੀ ਕਿ ਆਉਣ ਵਾਲੀ ਅਕਾਲੀ ਸਰਕਾਰ ਦੌਰਾਨ ਮਜਬੀ ਸਿੰਘਾਂ ਦੇ ਸਮਾਜਿਕ ਅਤੇ ਰਾਜਨੀਤਿਕ ਉਥਾਨ ਲਈ ਵਿਸ਼ੇਸ਼ ਯਤਨ ਕੀਤੇ ਜਾਣ ਤਾਂ ਜੋ ਇਹ ਪਛੜਿਆ ਸਮਾਜ ਵੀ ਮਾਣਮੱਤਾ ਸਥਾਨ ਪ੍ਰਾਪਤ ਕਰ ਸਕੇ।
ਸੁਖਬੀਰ ਸਿੰਘ ਬਾਦਲ ਨੇ ਇਸ ਸਮਰਥਨ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਾਰੇ ਧਰਮਾਂ ਅਤੇ ਵਰਗਾਂ ਦਾ ਸਤਿਕਾਰ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅੰਮ੍ਰਿਤਸਰ ਸਥਿਤ ਭਗਵਾਨ ਵਾਲਮੀਕ ਤੀਰਥ ਅਸਥਾਨ (ਆਸ਼ਰਮ) ਨੂੰ 10 ਸਾਲ ਪੂਰੇ ਹੋਣ ਜਾ ਰਹੇ ਹਨ, ਅਜਿਹੇ ਸਮੇਂ ਰਾਸ਼ਟਰੀ ਕ੍ਰਾਂਤੀ ਪਾਰਟੀ ਵੱਲੋਂ ਮਿਲਿਆ ਇਹ ਸਹਿਯੋਗ ਪਾਰਟੀ ਨੂੰ ਸਮਾਜ ਦੀ ਸੇਵਾ ਦਾ ਹੋਰ ਬਲ ਬਖਸ਼ੇਗਾ।
ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਦਲ ਹਮੇਸ਼ਾ ਇਸ ਸਮਾਜ ਦੀ ਸੇਵਾ ਲਈ ਤਤਪਰ ਰਹੇਗਾ। ਇਸ ਮੌਕੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ,ਰਾਜਿੰਦਰ ਅਟਵਾਲ (ਰਾਸ਼ਟਰੀ ਵਾਈਸ ਪ੍ਰਧਾਨ), ਦੀਪਕ ਘਈ (ਰਾਸ਼ਟਰੀ ਜਨਰਲ ਸਕੱਤਰ), ਵਿਕਾਸ ਹੰਸ (ਪੰਜਾਬ ਪ੍ਰਧਾਨ) ਅਤੇ ਰਾਸ਼ਟਰੀ ਕ੍ਰਾਂਤੀ ਪਾਰਟੀ (ਅ) ਦੀ ਕੋਰ ਕਮੇਟੀ ਦੇ ਮੈਂਬਰ, ਪੰਜਾਬ ਦੇ ਦੋਆਬਾ, ਮਾਝਾ ਅਤੇ ਮਾਲਵਾ ਜ਼ੋਨਾਂ ਦੇ ਅਨੇਕਾਂ ਪ੍ਰਮੁੱਖ ਆਗੂ ਅਤੇ ਵਰਕਰ ਵੀ ਸ਼ਾਮਿਲ ਹੋਏ।



