BREAKING- ਪੰਜਾਬ ‘ਚ ਵੱਡੀ ਵਾਰਦਾਤ; ਪਤੀ-ਪਤਨੀ ਨੂੰ ਗੋਲੀਆਂ ਨਾਲ ਭੁੰਨਿਆ

ਪੰਜਾਬ
  • ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ: ਗੁਰਦਾਸਪੁਰ ‘ਚ ਵਿਅਕਤੀ ਨੇ ਭਰਾ ਤੇ ਭਰਜਾਈ ਨੂੰ ਗੋਲੀਆਂ ਨਾਲ ਭੁੰਨਿਆ

ਕਾਹਨੂੰਵਾਨ/ਗੁਰਦਾਸਪੁਰ, 13 ਮਈ: ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਨੇਕੋਟ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੇ ਆਪਣੇ ਹੀ ਸਕੇ ਭਰਾ ਅਤੇ ਭਰਜਾਈ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਖ਼ੁਦ ਥਾਣਾ ਕਾਹਨੂੰਵਾਨ ਵਿੱਚ ਪੇਸ਼ ਹੋ ਗਿਆ, ਜਿਸ ਨੂੰ ਪੁਲਿਸ ਨੇ ਤੁਰੰਤ ਹਿਰਾਸਤ ਵਿੱਚ ਲੈ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਨੈਨੇਕੋਟ ਦੇ ਰਹਿਣ ਵਾਲੇ ਤਿੰਨ ਭਰਾ ਅਜਾਇਬ ਸਿੰਘ, ਅਮਰਜੀਤ ਸਿੰਘ ਅਤੇ ਤਰਸੇਮ ਸਿੰਘ (ਪੁੱਤਰ ਹਰਭਜਨ ਸਿੰਘ) ਪਹਿਲਾਂ ਟਾਟਾ ਨਗਰ ਜਮਸ਼ੇਦਪੁਰ ਵਿੱਚ ਰਹਿੰਦੇ ਸਨ। ਕਰੀਬ ਦੋ ਸਾਲ ਪਹਿਲਾਂ ਅਜਾਇਬ ਸਿੰਘ ਅਤੇ ਅਮਰਜੀਤ ਸਿੰਘ ਵਾਪਸ ਆਪਣੇ ਪਿੰਡ ਪਰਤ ਆਏ ਸਨ ਅਤੇ ਇੱਥੇ ਖੇਤੀਬਾੜੀ ਦਾ ਕੰਮ ਕਰਨ ਲੱਗੇ। ਜਦਕਿ ਤੀਜਾ ਭਰਾ ਤਰਸੇਮ ਸਿੰਘ ਅਜੇ ਵੀ ਟਾਟਾ ਨਗਰ ਵਿੱਚ ਹੀ ਰਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਵਿੱਚ ਪਿਛਲੇ ਕੁਝ ਸਮੇਂ ਤੋਂ ਪਿੰਡ ਵਿੱਚ ਸਥਿਤ 9 ਏਕੜ ਜ਼ਮੀਨ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ।

ਮੰਗਲਵਾਰ ਦੇਰ ਸ਼ਾਮ ਕਰੀਬ 8:30 ਵਜੇ ਅਜਾਇਬ ਸਿੰਘ ਆਪਣੀ ਪਤਨੀ ਕਮਲ ਕੌਰ ਨਾਲ ਪਿੰਡ ਵਿੱਚ ਸੈਰ ਕਰ ਰਿਹਾ ਸੀ। ਕੁਝ ਸਮੇਂ ਬਾਅਦ ਕਮਲ ਕੌਰ ਵਾਪਸ ਘਰ ਆ ਗਈ। ਇਸੇ ਦੌਰਾਨ ਮੁਲਜ਼ਮ ਅਮਰਜੀਤ ਸਿੰਘ ਆਪਣੇ ਭਰਾ ਅਜਾਇਬ ਸਿੰਘ ਕੋਲ ਪਹੁੰਚਿਆ। ਉੱਥੇ ਦੋਵਾਂ ਵਿਚਾਲੇ ਮੁੜ ਬਹਿਸ ਹੋ ਗਈ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਅਮਰਜੀਤ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਭਰਾ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਅਜਾਇਬ ਸਿੰਘ ਦੇ ਘਰ ਪਹੁੰਚਿਆ ਅਤੇ ਉਸ ਦੀ ਪਤਨੀ ਕਮਲ ਕੌਰ ‘ਤੇ ਵੀ ਗੋਲੀਆਂ ਚਲਾ ਦਿੱਤੀਆਂ।

ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।