ਵੱਡੀ ਖ਼ਬਰ: CM ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ!

ਪੰਜਾਬ
  • ਪੰਜਾਬ ਸਰਕਾਰ ਦੇ ਅਧਿਕਾਰਤ ਈਮੇਲ ‘ਤੇ ਆਇਆ ਧਮਕੀ ਭਰਿਆ ਪੱਤਰ, Ex ਮੁੱਖ ਮੰਤਰੀ ਬੇਅੰਤ ਸਿੰਘ ਵਰਗਾ ਹਸ਼ਰ ਕਰਨ ਦੀ ਦਿੱਤੀ ਚੇਤਾਵਨੀ
  • ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ 6 ਜੂਨ ਤੱਕ ਉਡਾਉਣ ਦਾ ਦਿੱਤਾ ਅਲਟੀਮੇਟਮ- ਪੰਜਾਬ ਭਾਜਪਾ ਦਫ਼ਤਰ ਅਤੇ ਦਿੱਲੀ ਸਥਿਤ ਹੈੱਡਕੁਆਰਟਰ ਵੀ ਨਿਸ਼ਾਨੇ ‘ਤੇ

ਚੰਡੀਗੜ੍ਹ, 13 ਮਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਬੰਬ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀਆਂ ਅਧਿਕਾਰਤ ਈਮੇਲ ਆਈਡੀਜ਼ ‘ਤੇ ਇੱਕ ਧਮਕੀ ਭਰੀ ਮੇਲ ਭੇਜੀ ਗਈ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਹਨ।

ਈਮੇਲ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਨੀਲ ਜਾਖੜ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਬੰਬ ਨਾਲ ਉਡਾ ਦਿੱਤਾ ਜਾਵੇਗਾ। ਧਮਕੀ ਭਰੇ ਪੱਤਰ ਵਿੱਚ ਵਿਸ਼ੇਸ਼ ਤੌਰ ‘ਤੇ ਸੁਨੀਲ ਜਾਖੜ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 6 ਜੂਨ ਤੱਕ ਨਿਸ਼ਾਨਾ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਦਫ਼ਤਰ ਤੋਂ ਇਲਾਵਾ ਦਿੱਲੀ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ ਨੂੰ ਵੀ ਉਡਾਉਣ ਦੀ ਗੱਲ ਕਹੀ ਗਈ ਹੈ।

ਮੇਲ ਭੇਜਣ ਵਾਲੇ ਨੇ ਧਮਾਕਿਆਂ ਦਾ ਖ਼ਾਸ ਸਮਾਂ ਵੀ ਨਿਰਧਾਰਤ ਕੀਤਾ ਹੈ। ਪੱਤਰ ਮੁਤਾਬਕ ‘ਸੀਐਮ ਹਾਊਸ’ (ਮੁੱਖ ਮੰਤਰੀ ਨਿਵਾਸ) ਵਿੱਚ ਧਮਾਕੇ ਦਾ ਸਮਾਂ ਦੁਪਹਿਰ 1:11 ਵਜੇ ਅਤੇ ‘ਭਾਜਪਾ ਦਫ਼ਤਰ’ ਵਿੱਚ ਰਾਤ 9:11 ਵਜੇ ਦੱਸਿਆ ਗਿਆ ਹੈ।

ਹਾਲਾਂਕਿ, ਈਮੇਲ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਧਮਾਕੇ ਕਿਸ ਤਰੀਕ ਨੂੰ ਕੀਤੇ ਜਾਣਗੇ। ਇਸ ਪੱਤਰ ਵਿੱਚ 1984 ਦੇ ਦੰਗਿਆਂ ਦਾ ਜ਼ਿਕਰ ਕਰਦਿਆਂ ਪੰਜਾਬ ਨੂੰ ‘ਖ਼ਾਲਿਸਤਾਨ’ ਬਣਾਉਣ ਦੀ ਗੱਲ ਵੀ ਕਹੀ ਗਈ ਹੈ।

ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਅਤੇ ਸੀ.ਆਰ.ਪੀ.ਐਫ (CRPF) ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਹਰ ਆਉਣ-ਜਾਣ ਵਾਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਦੌਰੇ ‘ਤੇ ਹਨ, ਜਦਕਿ ਸੁਨੀਲ ਜਾਖੜ ਪੰਜਾਬ ਭਾਜਪਾ ਦਫ਼ਤਰ ਵਿੱਚ ਮੌਜੂਦ ਹਨ।

ਚੰਡੀਗੜ੍ਹ ਪੁਲਿਸ ਨੂੰ ਸਬੰਧਤ ਈਮੇਲ ਅਤੇ ਸ਼ਿਕਾਇਤ ਸੌਂਪ ਦਿੱਤੀ ਗਈ ਹੈ। ਸਾਈਬਰ ਸੈੱਲ ਦੀ ਮਦਦ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਮੇਲ ਕਿੱਥੋਂ ਅਤੇ ਕਿਸ ਨੇ ਭੇਜੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।