Canada ਦੀਆਂ ਸੜਕਾਂ ‘ਤੇ ਪੰਜਾਬੀ ਨੌਜਵਾਨਾਂ ਦੀ ਗੁੰਡਾਗਰਦੀ; ਇੱਕ-ਦੂਜੇ ਦੀਆਂ ਉਤਾਰੀਆਂ ਪੱਗਾਂ, ਵੀਡੀਓ ਵਾਇਰਲ

ਕੌਮਾਂਤਰੀ
  • ਸਰੀ ਦੇ 133 ਸਟ੍ਰੀਟ ਅਤੇ 89 ਐਵੇਨਿਊ ‘ਤੇ ਪੰਜਾਬੀ ਗੱਭਰੂਆਂ ਵਿਚਾਲੇ ਹੋਈ ਜ਼ੋਰਦਾਰ ਲੜਾਈ
  • ਸ਼ਰੇਆਮ ਸੜਕ ‘ਤੇ ਹੰਗਾਮਾ ਅਤੇ ਮਾਰਕੁੱਟ; ਪੰਜਾਬੀ ਭਾਈਚਾਰੇ ਦੀ ਪੱਗ ਨੂੰ ਲੱਗਿਆ ਦਾਗ
  • ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ

ਸਰੀ (ਕੈਨੇਡਾ), 14 ਮਈ 2026- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ (Surrey) ਤੋਂ ਪੰਜਾਬੀ ਭਾਈਚਾਰੇ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਈ ਕਥਿਤ ਗੁੰਡਾਗਰਦੀ ਅਤੇ ਇੱਕ-ਦੂਜੇ ਦੀਆਂ ਪੱਗਾਂ ਉਤਾਰਨ ਦੀ ਘਟਨਾ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ 133 ਸਟ੍ਰੀਟ ਅਤੇ 89 ਐਵੇਨਿਊ ‘ਤੇ ਵਾਪਰੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਚਸ਼ਮਦੀਦਾਂ ਅਨੁਸਾਰ, ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਇੰਨੀ ਵੱਧ ਗਈ ਕਿ ਉਨ੍ਹਾਂ ਨੇ ਸੜਕ ‘ਤੇ ਹੀ ਹੰਗਾਮਾ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਦੁਖਦਾਈ ਪਹਿਲੂ ਇਹ ਰਿਹਾ ਕਿ ਇਸ ਦੌਰਾਨ ਇੱਕ-ਦੂਜੇ ਦੀਆਂ ਪੱਗਾਂ ਤੱਕ ਉਤਾਰੀਆਂ ਗਈਆਂ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਸਥਾਨਕ ਭਾਈਚਾਰੇ ਵਿੱਚ ਭਾਰੀ ਨਾਰਾਜ਼ਗੀ ਦੇਖੀ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਘਟਨਾ ਦੀ ਕਰੜੀ ਨਿੰਦਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਪਰਿਵਾਰ ਲੱਖਾਂ ਰੁਪਏ ਖ਼ਰਚ ਕੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਦੇ ਹਨ, ਪਰ ਕੁਝ ਨੌਜਵਾਨ ਉੱਥੇ ਜਾ ਕੇ ਅਜਿਹੀਆਂ ਹਰਕਤਾਂ ਕਰ ਰਹੇ ਹਨ ਜਿਸ ਨਾਲ ਪੂਰੇ ਪੰਜਾਬੀ ਭਾਈਚਾਰੇ ਦੀ ਦਿੱਖ ਖ਼ਰਾਬ ਹੋ ਰਹੀ ਹੈ।

ਬੁੱਧੀਜੀਵੀਆਂ ਅਤੇ ਸਥਾਨਕ ਪੰਜਾਬੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਵਿਦੇਸ਼ਾਂ ਵਿੱਚ ਵਸੇ ਮਿਹਨਤਕਸ਼ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਪੰਜਾਬੀਆਂ ਨੂੰ ਬਦਨਾਮ ਕਰਦੀਆਂ ਹਨ। ਕਈ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸਿੱਖੀ ਦੀ ਸ਼ਾਨ ਅਤੇ ਪੰਜਾਬੀ ਸੱਭਿਆਚਾਰ ਦਾ ਨਿਰਾਦਰ ਨਾ ਕਰ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।