- ਰਸੂਲੜਾ ਇਲਾਕੇ ਵਿੱਚ 10 ਤੋਂ 15 ਆਵਾਰਾ ਕੁੱਤਿਆਂ ਦੇ ਝੁੰਡ ਨੇ ਕੀਤਾ ਹਮਲਾ
- ਮ੍ਰਿਤਕ ਦੀ ਪਛਾਣ 35 ਸਾਲਾ ਰਾਮ ਈਸ਼ਵਰ ਵਜੋਂ ਹੋਈ
- ਪਿੰਡ ਦੇ ਕੂੜਾ ਡੰਪ ਕਾਰਨ ਵਧੀ ਕੁੱਤਿਆਂ ਦੀ ਦਹਿਸ਼ਤ; ਪ੍ਰਸ਼ਾਸਨ ‘ਤੇ ਉੱਠੇ ਸਵਾਲ
ਖੰਨਾ, 14 ਮਈ 2026: ਖੰਨਾ ਦੇ ਰਸੂਲੜਾ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 10 ਤੋਂ 15 ਆਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ ਮਜ਼ਦੂਰ ‘ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ 35 ਸਾਲਾ ਰਾਮ ਈਸ਼ਵਰ ਵਜੋਂ ਹੋਈ ਹੈ, ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਰਾਮ ਈਸ਼ਵਰ ਖੇਤਾਂ ਵੱਲ ਜਾ ਰਿਹਾ ਸੀ ਕਿ ਅਚਾਨਕ ਆਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ। ਉਸ ਨੇ ਖੁਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਗੰਭੀਰ ਜ਼ਖ਼ਮੀ ਹੋਣ ਕਾਰਨ ਰਾਮ ਈਸ਼ਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਕੁੱਤੇ ਸਾਰੀ ਰਾਤ ਲਾਸ਼ ਨੂੰ ਨੋਚਦੇ ਰਹੇ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਜਦੋਂ ਉਨ੍ਹਾਂ ਦੇ ਪਿਤਾ ਖੇਤਾਂ ਵੱਲ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਕੁੱਤੇ ਰਾਮ ਈਸ਼ਵਰ ਦੀ ਲਾਸ਼ ਨੂੰ ਖਾ ਰਹੇ ਸਨ। ਉਨ੍ਹਾਂ ਦੇ ਰੌਲਾ ਪਾਉਣ ‘ਤੇ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋਏ, ਜਿਸ ਤੋਂ ਬਾਅਦ ਕੁੱਤੇ ਉੱਥੋਂ ਭੱਜੇ। ਪਰ ਉਦੋਂ ਤੱਕ ਰਾਮ ਈਸ਼ਵਰ ਦਾ ਸਰੀਰ ਬੁਰੀ ਤਰ੍ਹਾਂ ਖ਼ਤਮ ਹੋ ਚੁੱਕਾ ਸੀ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਨੇੜੇ ਬਣੇ ਕੂੜਾ ਡੰਪ ਕਾਰਨ ਇੱਥੇ ਆਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਅਤੇ ਉਹ ਅਕਸਰ ਲੋਕਾਂ ‘ਤੇ ਹਮਲਾ ਕਰਦੇ ਰਹਿੰਦੇ ਹਨ। ਪਿੰਡ ਵਾਸੀਆਂ ਨੇ ਨਗਰ ਕੌਂਸਲ ਖੰਨਾ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਰਹਿੰਦੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਜਿਹੀਆਂ ਹੋਰ ਗੰਭੀਰ ਘਟਨਾਵਾਂ ਵਾਪਰ ਸਕਦੀਆਂ ਹਨ।
ਇਸ ਘਟਨਾ ਨੇ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਅਤੇ ਨਗਰ ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।



