- ਪੰਜਾਬ ਅਤੇ ਚੰਡੀਗੜ੍ਹ ‘ਚ ਅੱਜ ਮੌਸਮ ਰਹੇਗਾ ਖ਼ੁਸ਼ਕ: ਭਲਕੇ ਤੋਂ 5 ਦਿਨਾਂ ਲਈ ‘ਹੀਟਵੇਵ’ ਦਾ ਯੈਲੋ ਅਲਰਟ, ਫ਼ਰੀਦਕੋਟ ‘ਚ ਪਾਰਾ 42.6 ਡਿਗਰੀ ਤੋਂ ਪਾਰ
ਚੰਡੀਗੜ੍ਹ, 17 ਮਈ 2026: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਇੱਕ ਵਾਰ ਫਿਰ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ (IMD) ਦੇ ਮੁਤਾਬਕ, ਅੱਜ (17 ਮਈ) ਪੂਰੇ ਸੂਬੇ ਵਿੱਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ (Dry) ਰਹੇਗਾ।
ਇਸ ਦੇ ਨਾਲ ਹੀ ਭਲਕੇ (18 ਮਈ) ਤੋਂ ਅਗਲੇ ਪੰਜ ਦਿਨਾਂ ਤੱਕ ਭਿਆਨਕ ਲੂ (Heatwave) ਚੱਲਣ ਦਾ ਅਨੁਮਾਨ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਦੇ ਮੁਕਾਬਲੇ ਔਸਤ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਦਾ ਫ਼ਰੀਦਕੋਟ ਜ਼ਿਲ੍ਹਾ ਇਸ ਵੇਲੇ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਕਸ਼ੇ ਅਤੇ ਚੇਤਾਵਨੀ (Warning Level) ਅਨੁਸਾਰ, 17 ਮਈ (ਅੱਜ) ਪੰਜਾਬ ਦੇ ਸਾਰੇ ਜ਼ਿਲ੍ਹਿਆਂ (ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਪਟਿਆਲਾ, ਬਠਿੰਡਾ ਆਦਿ) ਵਿੱਚ ਮੌਸਮ ਸਾਫ਼ ਅਤੇ ਖ਼ੁਸ਼ਕ ਰਹੇਗਾ। ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ। 18 ਮਈ ਤੋਂ 21 ਮਈ (ਭਲਕੇ ਤੋਂ) ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਗਰਮ ਹਵਾਵਾਂ ਯਾਨੀ ‘ਲੂ’ (Heatwave) ਦਾ ਪ੍ਰਕੋਪ ਸ਼ੁਰੂ ਹੋ ਜਾਵੇਗਾ। ਵਿਭਾਗ ਨੇ ਲੋਕਾਂ ਨੂੰ ‘ਸੁਚੇਤ ਰਹਿਣ’ (Be Updated) ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਦੁਪਹਿਰ ਦਾ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ।
ਮੌਸਮ ਵਿੱਚ ਆ ਰਹੇ ਇਸ ਬਦਲਾਅ ਅਤੇ ਵਧਦੀ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਦੁਪਹਿਰ ਵੇਲੇ ਸਿੱਧੀ ਧੁੱਪ ਵਿੱਚ ਜਾਣ ਤੋਂ ਬਚਣ, ਹਲਕੇ ਰੰਗ ਦੇ ਸੂਤੀ ਕੱਪੜੇ ਪਾਉਣ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣ ਦੀ ਅਪੀਲ ਕੀਤੀ ਗਈ ਹੈ।



